ਪਰਸ਼ੋਤਮ ਬੱਲੀ
ਬਰਨਾਲਾ, 26 ਸਤੰਬਰ
ਇੱਥੋਂ ਦੀ ਦਾਣਾ ਮੰਡੀ ਵਿੱਚ ਸ਼ਹੀਦ ਭਗਤ ਸਿੰਘ 114ਵੇਂ ਜਨਮ ਦਿਹਾੜੇ ਮੌਕੇ 28 ਸਤੰਬਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਕਰਵਾਈ ਜਾ ਰਹੀ ‘ਸਾਮਰਾਜ ਵਿਰੋਧੀ ਕਾਨਫਰੰਸ’ ਦੀਆਂ ਤਿਆਰੀਆਂ ਦਾ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਕਾਨਫਰੰਸ ’ਚ ਹੋ ਰਿਹਾ ਲੱਖਾਂ ਦਾ ਇਕੱਠ ਸ਼ਹੀਦ ਭਗਤ ਸਿੰਘ ਦੇ ਸੁਫਨੇ ‘ਕਿਰਤੀਆਂ ਦੀ ਪੁੱਗਤ ਵਾਲੇ ਰਾਜ ਦੀ ਸਥਾਪਤੀ’ ਤੱਕ ਜੂਝਣ ਦਾ ਅਹਿਦ ਲਵੇਗਾ। ਉਨ੍ਹਾਂ ਕਿਹਾ ਕਿ ਇਹ ਕਾਨਫਰੰਸ ਨਾ ਸਿਰਫ ਇਕੱਠ ਪੱਖੋਂ ਲਾਮਿਸਾਲ ਹੋਵੇਗੀ, ਸਗੋਂ ਸ਼ਹੀਦ ਭਗਤ ਸਿੰਘ ਵੱਲੋਂ ਫਾਂਸੀ ਦੇ ਤਖ਼ਤੇ ਤੋਂ ਗੂੰਜਾਏ ‘ਇਨਕਲਾਬ ਜ਼ਿੰਦਾਬਾਦ’ ਤੇ ‘ਸਾਮਰਾਜਵਾਦ ਮੁਰਦਾਬਾਦ’ ਦੇ ਨਾਅਰਿਆਂ ਦੀ ਮੌਜੂਦਾ ਸਮੇਂ ਬਣਦੀ ਅਹਿਮੀਅਤ ਨੂੰ ਉਘਾੜਨ ਅਤੇ ਖੇਤੀ ਕਾਨੂੰਨਾਂ ਖ਼ਿਲਾਫ਼ ਜਾਰੀ ਸੰਘਰਸ਼ ਨੂੰ ਹੋਰ ਮਜ਼ਬੂਤੀ ਦੇਣ ਪੱਖੋਂ ਵੀ ਅਹਿਮ ਭੂਮਿਕਾ ਅਦਾ ਕਰੇਗੀ। ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਕਾਨਫਰੰਸ ਵਿੱਚ ਔਰਤਾਂ, ਖੇਤ ਮਜ਼ਦੂਰ, ਨੌਜਵਾਨ ਵਿਦਿਆਰਥੀ, ਅਧਿਆਪਕ ਤੇ ਵੱਖ-ਵੱਖ ਜਥੇਬੰਦੀਆਂ ਦੇ ਠੇਕਾ ਮੁਲਾਜ਼ਮਾਂ ਤੋਂ ਇਲਾਵਾ ਹੋਰਨਾਂ ਵਰਗਾਂ ਤੋਂ ਕਰੀਬ 2 ਲੱਖ ਤੋਂ ਵੱਧ ਲੋਕ ਸ਼ਮੂਲੀਅਤ ਕਰਨਗੇ। ਉਨ੍ਹਾਂ ਆਖਿਆ ਕਿ ਕਾਨਫਰੰਸ ਸਬੰਧੀ ਲਈ 15 ਸੌ ਤੋਂ ਵੱਧ ਟੈਂਟ ਲਗਾ ਕੇ ਕਰੀਬ ਸਾਢੇ ਤਿੰਨ ਲੱਖ ਵਰਗ ਫੁੱਟ ਏਰੀਆ ਕਵਰ ਕੀਤਾ ਗਿਆ ਹੈ। ਪੰਜ ਜ਼ਿਲ੍ਹਿਆਂ ਦੀਆਂ ਟੀਮਾਂ ਚਾਹ-ਪਾਣੀ ਦਾ ਪ੍ਰਬੰਧ ਕਰਨਗੀਆਂ। ਇਸ ਮੌਕੇ ਪਲਸ ਮੰਚ ਵੱਲੋਂ ਸਤਪਾਲ ਪਟਿਆਲਾ ਦੀ ਨਿਰਦੇਸ਼ਨਾ ਹੇਠ ਕੋਰੀਓਗ੍ਰਾਫੀ ‘ਭਗਤ ਸਿੰਘ ਦੇ ਬੋਲ’ ਪੇਸ਼ ਕੀਤੀ ਜਾਵੇਗੀ। ਕਾਨਫਰੰਸ 28 ਸਤੰਬਰ ਨੂੰ 11 ਵਜੇ ਸ਼ੁਰੂ ਹੋਵੇਗੀ ਤੇ 5 ਵਜੇ ਸਮਾਪਤ ਹੋਵੇਗੀ। ਇਸ ਮੌਕੇ ਯੂਨੀਅਨ ਦੇ ਸੂਬਾਈ ਆਗੂ ਹਰਦੀਪ ਸਿੰਘ ਟੱਲੇਵਾਲ, ਰੂਪ ਸਿੰਘ ਛੰਨਾ, ਬਰਨਾਲਾ ਜ਼ਿਲ੍ਹੇ ਦੇ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ, ਭਗਤ ਸਿੰਘ ਛੰਨਾ ਤੇ ਜਰਨੈਲ ਸਿੰਘ ਬਦਰਾ ਵੀ ਮੌਜੂਦ ਸਨ।