ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 22 ਨਵੰਬਰ
ਦਿੱਲੀ ਮੋਰਚੇ ਦੀ 26 ਨਵੰਬਰ ਨੂੰ ਮਨਾਈ ਜਾਣ ਵਾਲੀ ਪਹਿਲੀ ਵਰ੍ਹੇਗੰਢ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਟਿਕਰੀ ਬਾਰਡਰ ’ਤੇ ਪਕੌੜਾ ਚੌਕ ਨੇੜੇ ਇੱਕ ਪੰਡਾਲ ਤਿਆਰ ਕੀਤਾ ਜਾ ਰਿਹਾ ਹੈ, ਜਿਸ ਵਿੱਚ ਪੰਜਾਬ, ਹਰਿਆਣਾ ਅਤੇ ਹੋਰ ਸੂਬਿਆਂ ਵਿੱਚੋਂ ਆਉਣ ਵਾਲੇ ਘੱਟੋ-ਘੱਟ ਇੱਕ ਲੱਖ ਕਿਸਾਨਾਂ, ਨੌਜਵਾਨਾਂ, ਮਜ਼ਦੂਰਾਂ, ਔਰਤਾਂ ਅਤੇ ਹੋਰ ਕਿਰਤੀ ਲੋਕਾਂ ਦੇ ਬੈਠਣ ਦਾ ਪ੍ਰਬੰਧ ਹੋਵੇਗਾ। ਅੱਜ ਟਿਕਰੀ ਮੋਰਚੇ ਦੀ ਸਟੇਜ ਤੋਂ ਸੰਬੋਧਨ ਕਰਦਿਆਂ ਬਠਿੰਡਾ ਜ਼ਿਲ੍ਹੇ ਦੇ ਮੀਤ ਪ੍ਰਧਾਨ ਬਸੰਤ ਸਿੰਘ ਕੋਠਾਗੁਰੂ ਅਤੇ ਮੋਗਾ ਜ਼ਿਲ੍ਹੇ ਦੇ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਮੌਕੇ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕਰ ਕੇ ਇਸ ਪਵਿੱਤਰ ਦਿਹਾੜੇ ਨੂੰ ਵਰਤਣ ਦੀ ਕੋਸ਼ਿਸ਼ ਕੀਤੀ ਹੈ ਪਰ ਅਸਲ ਵਿੱਚ ਇਹ ਐਲਾਨ ਉਨ੍ਹਾਂ ਨੂੰ ਭਾਜਪਾ ਅਤੇ ਇਸ ਦੀਆਂ ਭਾਈਵਾਲ ਪਾਰਟੀਆਂ ਦੇ ਲੋਕਾਂ ਵੱਲੋਂ ਭਾਰੀ ਵਿਰੋਧ ਕਾਰਨ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ’ਤੇ ਜਬਰ ਕਰਨ ਵਾਲੀਆਂ ਹਕੂਮਤਾਂ, ਬਾਬਰ ਤੇ ਔਰੰਗਜ਼ੇਬ ਵਰਗਿਆਂ ਦੇ ਜਬਰ ਖ਼ਿਲਾਫ਼ ਸਾਡੇ ਗੁਰੂਆਂ ਦੀ ਅਗਵਾਈ ਹੇਠ ਭਾਰਤ ਦੇ ਲੋਕਾਂ ਨੇ ਲੰਮੇ ਸੰਘਰਸ਼ ਲੜੇ ਤੇ ਜਿੱਤੇ ਹਨ ਅਤੇ ਹੁਣ ਦੇਸ਼ ਦੇ ਲੋਕਾਂ ਵੱਲੋਂ ਚੁਣੀ ਹੋਈ ਸਰਕਾਰ ਦਾ ਵੀ ਪਰਦਾਫਾਸ਼ ਹੋ ਗਿਆ ਹੈ। ਆਗੂਆਂ ਨੇ ਕਿਹਾ ਕਿ ਸਰਕਾਰਾਂ ਤੋਂ ਭਲੇ ਦੀ ਆਸ ਛੱਡ ਕੇ ਲੋਕਾਂ ਦੀਆਂ ਮੰਗਾਂ ਤੇ ਮਸਲਿਆਂ ਦਾ ਅਸਲੀ ਹੱਲ ਲੋਕਾਂ ਦਾ ਏਕਾ ਅਤੇ ਸੰਘਰਸ਼ ਹੀ ਹੈ। ਉਨ੍ਹਾਂ ਲੋਕਾਂ ਨੂੰ ਹਕੂਮਤੀ ਜ਼ੁਲਮ ਖ਼ਿਲਾਫ਼ ਇੱਕਜੁਟ ਹੋ ਕੇ ਸੰਘਰਸ਼ ਵਿੱਚ ਸਾਥ ਦੇਣ ਦੀ ਅਪੀਲ ਕੀਤੀ। ਆਗੂਆਂ ਨੇ ਕਿਹਾ ਕਿ ਕਿਸਾਨ ਖੇਤੀ ਕਾਨੂੰਨਾਂ ਦੇ ਰੱਦ ਹੋਣ, ਐੱਮਐੱਸਪੀ ਦੀ ਗਾਰੰਟੀ ਵਾਲਾ ਕਾਨੂੰਨ ਬਣਾਏ ਜਾਣ ਸਮੇਤ ਹੋਰ ਮੰਗਾਂ ਮੰਨੇ ਜਾਣ ਤੱਕ ਦਿੱਲੀ ਦੀਆਂ ਹੱਦਾਂ ’ਤੇ ਡਟੇ ਰਹਿਣਗੇ।
ਵੱਡੀ ਗਿਣਤੀ ਵਿੱਚ ਦਿੱਲੀ ਪੁੱਜਣਗੇ ਕਿਸਾਨਾਂ ਦੇ ਕਾਫ਼ਲੇ
ਚੰਡੀਗੜ੍ਹ (ਦਵਿੰਦਰ ਪਾਲ): ਪੰਜਾਬ ਵਿੱਚ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਭਾਜਪਾ ਨਾਲ ਸਬੰਧਤ ਆਗੂਆਂ ਦੇ ਘਰਾਂ, ਟੌਲ ਪਲਾਜ਼ਿਆਂ, ਅੰਬਾਨੀ ਤੇ ਅਡਾਨੀ ਦੇ ਕਾਰੋਬਾਰੀ ਟਿਕਾਣਿਆਂ, ਰੇਲਵੇ ਸਟੇਸ਼ਨਾਂ ਦੇ ਪਾਰਕਾਂ ’ਚ, ਨਿੱਜੀ ਖੇਤਰ ਦੇ ਥਰਮਲ ਪਲਾਂਟ ਅਤੇ ਮੋਗਾ ਦੇ ਸਾਈਲੋ ਸਣੇ ਸਵਾ ਸੌ ਤੋਂ ਵੱਧ ਥਾਵਾਂ ’ਤੇ ਕਿਸਾਨੀ ਧਰਨੇ ਜਾਰੀ ਰਹੇ। ਅੱਜ ਮੋਰਚਿਆਂ ਵਿੱਚ ਬੁਲਾਰਿਆਂ ਨੇ 26 ਨਵੰਬਰ ਨੂੰ ਦਿੱਲੀ ਮੋਰਚੇ ਦੀ ਵਰ੍ਹੇਗੰਢ ਮੌਕੇ ਭਾਰੀ ਇਕੱਠ ਲਈ ਕਮਰ ਕੱਸਣ ਦਾ ਸੱਦਾ ਦਿੱਤਾ। ਇਸ ਦੌਰਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਦੇ ਛੋਟੇ ਕਾਫ਼ਲੇ ਭਾਵੇਂ ਦਿੱਲੀ ਲਈ ਕੂਚ ਕਰਨ ਲੱਗੇ ਹਨ, ਪਰ 24 ਅਤੇ 25 ਨਵੰਬਰ ਨੂੰ ਵੱਡੇ ਜਥੇ ਦਿੱਲੀ ਦੀਆਂ ਬਰੂਹਾਂ ’ਤੇ ਦਸਤਕ ਦੇਣਗੇ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਨੇ ਸਾਰੇ ਦੇਸ਼ ਵਿੱਚ ਕਿਸਾਨੀ ਮੁੱਦਿਆਂ ਬਾਰੇ ਅਥਾਹ ਜਾਗਰੂਕਤਾ ਫੈਲਾਈ ਹੈ। ਉਨ੍ਹਾਂ ਕਿਹਾ ਕਿ ਦੋ ਕੁ ਸੂਬਿਆਂ ਵਿੱਚ ਐੱਮਐੱਸਪੀ ਸਿਰਫ਼ ਦੋ ਫ਼ਸਲਾਂ ’ਤੇ ਹੀ ਮਿਲਦੀ ਹੈ ਜਦਕਿ ਬਾਕੀ ਸੂਬਿਆਂ ਦੇ ਕਿਸਾਨ ਇਸ ਬਾਰੇ ਜਾਣਦੇ ਹੀ ਨਹੀਂ ਸਨ, ਪਰ ਸਾਲ ਭਰ ਤੋਂ ਚੱਲ ਰਹੇ ਅੰਦੋਲਨ ਨੇ ਘੱਟੋ-ਘੱਟ ਸਮਰਥਨ ਮੁੱਲ ਤੇ ਖੇਤੀ ਕਾਨੂੰਨਾਂ ਸਣੇ ਹੋਰ ਕਿਸਾਨ ਮੰਗਾਂ ਬਾਰੇ ਸਾਰਿਆਂ ਨੂੰ ਜਾਗਰੂਕ ਕੀਤਾ ਹੈ। ਇਸੇ ਜਾਗਰੂਕਤਾ ਦਾ ਅਸਰ ਹੈ ਕਿ ਤਿਲੰਗਾਨਾ ਦੇ ਕਿਸਾਨ ਝੋਨੇ ਦੀ ਸਾਰੀ ਫ਼ਸਲ ਦੀ ਖ਼ਰੀਦ ਐੱਮਐੱਸਪੀ ’ਤੇ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ। ਇਹ ਅੰਦੋਲਨ ਲਈ ਸ਼ੁਭ ਸੰਕੇਤ ਹੈ। ਕਿਸਾਨ ਬੁਲਾਰਿਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ’ਤੇ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕਰ ਕੇ ਲੋਕਾਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕੀਤੀ ਹੈ, ਪਰ ਅਸਲ ਵਿੱਚ ਕਾਨੂੰਨ ਵਾਪਸ ਲੈਣ ਦਾ ਐਲਾਨ ਅੰਦੋਲਨ ਕਾਰਨ ਕਰਨਾ ਪਿਆ ਹੈ। ਇਸ ਮੌਕੇ ਬੁਲਾਰਿਆਂ ਨੇ ਕੁਝ ਸਰਕਾਰ ਪੱਖੀ ਅਰਥ-ਸ਼ਾਸਤਰੀਆਂ ਵੱਲੋਂ ਹਾਲੇ ਤੱਕ ਖੇਤੀ ਕਾਨੂੰਨਾਂ ਨੂੰ ਜਾਇਜ਼ ਠਹਿਰਾਉਣ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਅਜਿਹੇ ਅਰਥ-ਸ਼ਾਸਤਰੀਆਂ ਨੂੰ ਸਰਕਾਰੀਏ, ਦਰਬਾਰੀਏ ਅਤੇ ਜੁਗਾੜੀਏ ਅਰਥ-ਸ਼ਾਸਤਰੀਆਂ ਦਾ ਖਿਤਾਬ ਦਿੱਤਾ, ਜੋ ਸਰਕਾਰੀ ਨੀਤੀਆਂ ਦਾ ਢੰਡੋਰਾ ਪਿੱਟਣ ਲਈ ਦਰਬਾਰੀ ਕਾਰਕੁਨਾਂ ਦੀ ਭੂਮਿਕਾ ਨਿਭਾਉਂਦੇ ਰਹਿੰਦੇ ਹਨ। ਇਸ ਮੌਕੇ ਕਿਸਾਨਾਂ ਨੇ ਹਰਿਆਣਾ ਭਾਜਪਾ ਆਗੂ ਜਾਂਗੜਾ ਦੇ ਉਸ ਬਿਆਨ ਦੀ ਨਿਖੇਧੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਕਿਸਾਨਾਂ ਨੂੰ ਸ਼ਹੀਦ ਕਹਿਣ ’ਤੇ ਇਤਰਾਜ਼ ਜਤਾਇਆ ਸੀ।