ਸੰਤੋਖ ਸਿੰਘ ਗਿੱਲ
ਰਾਏਕੋਟ, 23 ਸਤੰਬਰ
ਇੱਥੋਂ ਦੀ ਐੱਸਐੱਸ ਜੈਨ ਸਭਾ ਵੱਲੋਂ ਜੈਨ ਧਰਮ ਦੇ ਅਚਾਰੀਆ ਸਮਰਾਟ ਆਤਮਾ ਰਾਮ ਅਤੇ ਸੰਤ ਮਨੋਹਰ ਮੁਨੀ ਦੀ ਜੈਅੰਤੀ ਮੌਕੇ ਰਾਏਕੋਟ ਵਿੱਚ 25 ਸਤੰਬਰ ਨੂੰ ਸਰਬ ਧਰਮ ਸੰਮੇਲਨ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਪਿਊਸ਼ ਮੁਨੀ ਅਤੇ ਸਯੰਮੇਸ਼ ਮੁਨੀ ਨੇ ਦੱਸਿਆ ਕਿ ਜੈਨ ਧਰਮ ਦੀ ਸੰਤ ਪਰੰਪਰਾ ਅਨੁਸਾਰ ਦੇਸ਼ ਵਿੱਚ ਆਪਸੀ ਸਹਿਯੋਗ, ਭਾਈਚਾਰਾ, ਕੌਮੀ ਏਕਤਾ ਅਤੇ ਅਖੰਡਤਾ ਨੂੰ ਦ੍ਰਿੜ੍ਹ ਕਰਨ ਲਈ ਸਰਬ ਧਰਮ ਸੰਮੇਲਨ ਵਿੱਚ ਸਭ ਧਰਮਾਂ ਦੀਆਂ ਨਾਮਵਰ ਸ਼ਖ਼ਸੀਅਤਾਂ ਭਾਗ ਲੈਣਗੀਆਂ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਵਿੱਚ ਰਾਜਨੀਤਿਕ ਆਗੂ, ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਉੱਚ ਪੁਲੀਸ ਅਧਿਕਾਰੀਆਂ ਸਮੇਤ ਨਿਆਂ ਪ੍ਰਬੰਧ ਨਾਲ ਜੁੜੀਆਂ ਅਹਿਮ ਹਸਤੀਆਂ ਵੀ ਸ਼ਿਰਕਤ ਕਰਨਗੀਆਂ। ਉਨ੍ਹਾਂ ਦੱਸਿਆ ਕਿ ਸੰਮੇਲਨ ’ਚ ਵੱਖ-ਵੱਖ ਸੰਪਰਦਾਵਾਂ ਦੇ ਮੁਖੀ, ਧਾਰਮਿਕ ਸੰਸਥਾਵਾਂ ਦੇ ਪ੍ਰਮੁੱਖ ਸੰਤ, ਕਥਾ ਵਾਚਕ, ਆਰਐੱਸਐੱਸ ਦੇ ਪ੍ਰਚਾਰਕਾਂ ਤੋਂ ਇਲਾਵਾ ਨਾਮਵਰ ਸੰਗੀਤ ਮੰਡਲੀਆਂ ਵੱਲੋਂ ਭਜਨ ਕੀਰਤਨ ਕੀਤੇ ਜਾਣਗੇ। ਸੰਮੇਲਨ ਵਿੱਚ ਘੱਟ-ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ, ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਭਾਜਪਾ ਦੇ ਕੌਮੀ ਜਨਰਲ ਸਕੱਤਰ ਦੁਸ਼ਯੰਤ ਗੌਤਮ, ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਜਸਟਿਸ ਅਲੋਕ ਜੈਨ ਤੋਂ ਇਲਾਵਾ ਭਾਰਤ ਸਰਕਾਰ ਦੇ ਵਧੀਕ ਸੋਲੀਸਿਟਰ ਜਨਰਲ ਸਤਪਾਲ ਜੈਨ ਸਮੇਤ ਹੋਰ ਅਨੇਕਾਂ ਸ਼ਖ਼ਸੀਅਤਾਂ ਸ਼ਾਮਲ ਹੋਣਗੀਆਂ। ਪਦਮਸ੍ਰੀ ਹੰਸ ਰਾਜ ਹੰਸ ਅਤੇ ਡਾ. ਹਰਪ੍ਰੀਤ ਸਿੰਘ ਬਾਬਾ ਬੇਲੀ ਸੰਗਤ ਨੂੰ ਸੰਗੀਤ ਨਾਲ ਨਿਹਾਲ ਕਰਨਗੇ। ਇਸ ਮੌਕੇ ਜੈਨ ਸਭਾ ਦੇ ਪ੍ਰਧਾਨ ਲਲਿਤ ਜੈਨ, ਸਤੀਸ਼ ਅਗਰਵਾਲ, ਬਿੱਟੂ ਜੈਨ, ਡਾ. ਹਰੀਸ਼ ਜੈਨ, ਰਵੀ ਜੈਨ, ਰਜਿੰਦਰ ਜੈਨ, ਦੀਪ ਜੈਨ ਅਤੇ ਸੁਰੇਸ਼ ਜੈਨ ਸਮੇਤ ਹੋਰ ਅਹੁਦੇਦਾਰ ਮੌਜੂਦ ਸਨ।