ਸੰਜੀਵ ਬੱਬੀ
ਚਮਕੌਰ ਸਾਹਿਬ, 22 ਸਤੰਬਰ
ਪੰਜਾਬ ਸਰਕਾਰ ਨੇ ਚਾਰ ਪਿੰਡਾਂ ਦੀ 384 ਏਕੜ ਪੰਚਾਇਤੀ ਜ਼ਮੀਨ ਉਦਯੋਗਿਕ ਪਾਰਕ ਲਈ ਦੇਣ ਦੀ ਤਿਆਰੀ ਖਿੱਚ ਲਈ ਹੈ। ਇਸ ਨਾਲ ਇਲਾਕੇ ਦੇ ਵਾਤਾਵਰਨ ਵਿੱਚ ਪੈਣ ਵਾਲੇ ਵਿਗਾੜਾਂ ਸਬੰਧੀ ਲੋਕਾਂ ਵੱਲੋਂ ਅਜਿਹੇ ਉਦਯੋਗਿਕ ਅਦਾਰਿਆਂ ਵਿਰੁੱਧ ਲਾਮਬੰਦੀ ਆਰੰਭ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੇ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਲਿਮਟਿਡ ਵੱਲੋਂ ਜਾਰੀ ਪੱਤਰ ਰਾਹੀਂ (ਜਿਸ ਦੀ ਕਾਪੀ ਪੰਜਾਬੀ ਟ੍ਰਿਬਿਊਨ ਕੋਲ ਮੌਜੂਦ ਹੈ) ਨੇੜਲੇ ਪਿੰਡਾਂ ਮਹਿਤੋਤ, ਕੀੜੀ ਅਫਗਾਨਾਂ, ਬਸੀ ਗੁੱਜਰਾਂ ਅਤੇ ਧੌਲਰਾਂ ਪਿੰਡ ਦੀ 384 ਏਕੜ ਪੰਚਾਇਤੀ ਜ਼ਮੀਨ ਉਦਯੋਗਿਕ ਪਾਰਕ ਵਾਸਤੇ ਦੇਣ ਲਈ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਨੂੰ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਉਣ ਲਈ ਕਿਹਾ ਹੈ। ਪੱਤਰ ਅਨੁਸਾਰ ਇਹ ਜ਼ਮੀਨ ਗ੍ਰਹਿਣ ਕਰਕੇ ਇੱਥੇ ਉਦਯੋਗਿਕ ਪਾਰਕ ਵਿਕਸਤ ਕਰਨ ਸਬੰਧੀ ਤਜਵੀਜ਼ ਨੂੰ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਵੀ ਜੁਲਾਈ 2022 ਵਿੱਚ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ। ਇਸ ਤਜਵੀਜ਼ ਨੂੰ ਜਲਦੀ ਅਮਲੀਜਾਮਾ ਪਹਿਨਾਉਣ ਲਈ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਜ਼ਿਲ੍ਹਾ ਰੂਪਨਗਰ ਦੇ ਡੀਡੀਪੀਓ ਅਤੇ ਚਮਕੌਰ ਸਾਹਿਬ ਦੇ ਬੀਡੀਪੀਓ ਨੂੰ ਮੁਕੰਮਲ ਤਜਵੀਜ਼ ਤਿਆਰ ਕਰਕੇ ਸਪੱਸ਼ਟ ਸਿਫਾਰਸ਼ ਅਨੁਸਾਰ ਜਲਦੀ ਭੇਜਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਇਹ ਵੀ ਪਤਾ ਲੱਗਿਆ ਹੈ ਕਿ ਇਸ ਪਾਰਕ ਵਿੱਚ ਸਭ ਤੋਂ ਪਹਿਲਾਂ ਕਪੂਰਥਲਾ ਹਲਕੇ ਦੇ ਵੱਡੇ ਘਰਾਣੇ ਦੀ ਗੱਤਾ ਮਿੱਲ ਲਗਾਈ ਜਾ ਰਹੀ ਹੈ। ਦੂਜੇ ਪਾਸੇ ਇਸ ਤਜਵੀਜ਼ ਦਾ ਪਤਾ ਲੱਗਣ ’ਤੇ ਇਲਾਕੇ ਦੇ ਲੋਕ ਖੁਦ ਹੀ ਇਕਜੁੱਟ ਹੋਣਾ ਸ਼ੁਰੂ ਹੋ ਗਏ ਹਨ।
ਸ਼ਾਮਲਾਟ ਜ਼ਮੀਨ ਸਰਕਾਰ ਨੂੰ ਨਾ ਦੇਣ ਖ਼ਿਲਾਫ਼ ਪਾਸ ਹੋਣਗੇ ਮਤੇ
ਇਸ ਸਬੰਧੀ ਅੱਜ ਵਾਤਾਵਰਨ ਬਚਾਓ ਕਮੇਟੀ ਵੱਲੋਂ ਪਿੰਡ ਮਹਿਤੋਤ ਵਿੱਚ ਮੀਟਿੰਗ ਕੀਤੀ ਗਈ। ਇਸ ਵਿੱਚ ਇਲਾਕੇ ਦੇ ਪਿੰਡਾਂ ਨਾਲ ਸਬੰਧਤ ਲੋਕਾਂ ਨੇ ਕਮੇਟੀ ਨੂੰ ਭਰੋਸਾ ਦਿਵਾਇਆ ਕਿ ਗ੍ਰਾਮ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾ ਕੇ ਸ਼ਾਮਲਾਟ ਜ਼ਮੀਨ ਸਰਕਾਰ ਜਾਂ ਕਿਸੇ ਨਿੱਜੀ ਅਦਾਰੇ ਨੂੰ ਨਾ ਦੇਣ ਸਬੰਧੀ ਮਤਾ ਪਾਸ ਕੀਤਾ ਜਾਵੇਗਾ। ਇਸੇ ਤਰ੍ਹਾਂ ਪਿੰਡ ਕੀੜੀ ਅਫਗਾਨਾਂ, ਬਸੀ ਗੁੱਜਰਾਂ ਅਤੇ ਧੌਲਰਾਂ ਦੇ ਲੋਕਾਂ ਨੇ ਵੀ ਭਰੋਸਾ ਦਿੱਤਾ ਹੈ। ਵਾਤਾਵਰਨ ਬਚਾਓ ਕਮੇਟੀ ਦੇ ਆਗੂ ਲਖਵੀਰ ਸਿੰਘ ਲੱਖੀ ਹਾਫਿਜ਼ਾਬਾਦ, ਪ੍ਰਗਟ ਸਿੰਘ ਰੋਲੂਮਾਜਰਾ, ਕੁਲਵੀਰ ਸਿੰਘ ਰੋਲੂਮਾਜਰਾ ਅਤੇ ਮੇਜਰ ਸਿੰਘ ਕਤਲੌਰ ਨੇ ਆਪਣੇ ਸਾਥੀਆਂ ਸਮੇਤ ਫੈਕਟਰੀਆਂ ਤੋਂ ਨਿਕਲਣ ਵਾਲੇ ਰਸਾਇਣਾਂ ਤੋਂ ਵਾਤਾਵਰਨ ਵਿੱਚ ਪੈਣ ਵਾਲੇ ਵਿਗਾੜ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ।