ਮਿਹਰ ਸਿੰਘ/ਚਰਨਜੀਤ ਸਿੰਘ ਚੰਨੀ
ਕੁਰਾਲੀ/ਮੁੱਲਾਂਪੁਰ ਗਰੀਬਦਾਸ, 11 ਅਕਤੂਬਰ
ਅਕਾਲੀ ਦਲ (ਟਕਸਾਲੀ) ਵੱਲੋਂ ਐੱਸਜੀਪੀਸੀ ਚੋਣਾਂ ਵਿੱਚ ਬਾਦਲਾਂ ਨੂੰ ਘੇਰਨ ਤੇ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੀ ਸਿਆਸਤ ਨੂੰ ਤੀਜੀ ਵੱਡੀ ਧਿਰ ਦੇਣ ਦੇ ਯਤਨਾਂ ਤਹਿਤ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਉਜਾਗਰ ਸਿੰਘ ਬਡਾਲੀ ਦੀ ਰਿਹਾਇਸ਼ ਸੁਲਤਾਨਪੁਰ ਟੱਪਰੀਆਂ ’ਚ ਹੋਈ।
ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਪ੍ਰਧਾਨਗੀ ਹੇਠ ਹੋਈ ਕੋਰ ਕਮੇਟੀ ਦੀ ਇਸ ਮੀਟਿੰਗ ਵਿੱਚ ਮੁਹਿੰਦਰ ਸਿੰਘ ਹੁਸੈਨਪੁਰ, ਹਰਸੁਖਇੰਦਰ ਸਿੰਘ ਬੱਬੀ ਬਾਦਲ, ਕਰਨੈਲ ਸਿੰਘ ਪੀਰ ਮੁਹੰਮਦ, ਸਾਹਿਬ ਸਿੰਘ ਬਡਾਲੀ ਮੱਖਣ ਸਿੰਘ ਨੰਗਲ, ਮਨਮੋਹਨ ਸਿੰਘ ਸੱਠਿਆਲਾ ਮਨਦੀਪ ਸਿੰਘ ਖਿਜ਼ਰਾਬਾਦ ਆਦਿ ਆਗੂ ਸ਼ਾਮਲ ਹੋਏ। ਆਗੂਆਂ ਵੱਲੋਂ ਐੱਸਜੀਪੀਸੀ ਚੋਣਾਂ ਨੂੰ ਤਰਜੀਹ ਦੇਣ ਤਿਆਰੀਆਂ ਕਰਨ ਤੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਨੂੰ ਸੰਗਠਿਤ ਕਰਨ ਲਈ ਮੈਂਬਰਸ਼ਿਪ ਕਰਨ ਦਾ ਫ਼ੈਸਲਾ ਕੀਤਾ ਗਿਆ।
ਇਸ ਦੌਰਾਨ ਖੇਤੀ ਕਾਨੂੰਨਾਂ ਨੂੰ ਕਿਸਾਨ ਵਿਰੋਧੀ ਕਰਾਰ ਦਿੰਦਿਆਂ ਕਿਸਾਨੀ ਸੰਘਰਸ਼ ਦੀ ਹਮਾਇਤ ਦਾ ਐਲਾਨ ਕੀਤਾ ਗਿਆ। ਇਸੇ ਦੌਰਾਨ ਹਰਸਿਮਰਤ ਬਾਦਲ ਦੇ ਅਸਤੀਫ਼ੇ ਨੂੰ ਸਿਆਸੀ ਡਰਾਮਾ ਕਰਾਰ ਦਿੱਤਾ ਗਿਆ।
ਆਗੂਆਂ ਨੇ ਕੇਂਦਰ ਸਰਕਾਰ ਵੱਲੋਂ ਨਿਯੁਕਤ ਗੁਰਦੁਆਰਾ ਚੋਣ ਕਮਿਸ਼ਨਰ ਦਾ ਸਵਾਗਤ ਕੀਤਾ ਗਿਆ। ਉਨ੍ਹਾਂ ਕੇਂਦਰ ਵੱਲੋਂ ਸੰਘੀ ਢਾਂਚੇ ਦੇ ਘਾਣ ’ਤੇ ਫ਼ਿਕਰ ਦਾ ਇਜ਼ਹਾਰ ਕੀਤਾ ਗਿਆ। ਇਸ ਮੌਕੇ ਜਥੇਦਾਰ ਬ੍ਰਹਮਪੁਰਾ ਨੇ ਕਿਹਾ ਕਿ ਪਾਰਟੀ ਦੀ ਪਹਿਲੀ ਨਜ਼ਰ ਐੱਸਜੀਪੀਸੀ ਨੂੰ ਬਾਦਲਾਂ ਤੋਂ ਮੁਕਤ ਕਰਵਾਉਣਾ ਹੈ, ਉਸ ਮਗਰੋ ਅਸੈਂਬਲੀ ਚੋਣਾਂ ਲਈ ਤਿਆਰੀ ਕੀਤੀ ਜਾਵੇਗੀ।