ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 20 ਸਤੰਬਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਅਪੀਲ ਕੀਤੀ ਹੈ ਕਿ ਉਹ ਸੰਸਦ ਵੱਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ’ਤੇ ਦਸਤਖ਼ਤ ਨਾ ਕਰਨ। ਭਾਜਪਾ ਦੇ ਸਭ ਤੋਂ ਪੁਰਾਣੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਜੇਕਰ ਬਿੱਲਾਂ ਨੇ ਕਾਨੂੰਨ ਦਾ ਰੂਪ ਲੈ ਲਿਆ ਤਾਂ ਕਿਸਾਨ ਸਾਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ। ਉਨ੍ਹਾਂ ਨਾਲ ਹੀ ਚਿਤਾਵਨੀ ਵੀ ਦਿੱਤੀ ਕਿ ਅੰਨਦਾਤੇ ਨੂੰ ਸੜਕਾਂ ਉਪਰ ਰੁਲਣ ਲਈ ਮਜਬੂਰ ਨਾ ਕੀਤਾ ਜਾਵੇ। ਊਨ੍ਹਾਂ ਕਿਹਾ ਕਿ ਲੋਕਤੰਤਰ ’ਚ ਬਹੁੱਮਤ ਦਾ ਅਰਥ ਕਿਸੇ ਦੀ ਆਵਾਜ਼ ਦਬਾਊਣਾ ਨਹੀਂ ਸਗੋਂ ਵਿਚਾਰ ਵਟਾਂਦਰਾ, ਸੁਲ੍ਹਾ-ਸਫ਼ਾਈ ਅਤੇ ਸਰਬਸੰਮਤੀ ਹੁੰਦਾ ਹੈ। ਊਨ੍ਹਾਂ ਕਿਹਾ ਕਿ ਅੱਜ ਰਾਜ ਸਭਾ ’ਚ ਇਨ੍ਹਾਂ ਸੰਵਿਧਾਨਕ ਨੇਮਾਂ ਦੀਆਂ ਧੱਜੀਆਂ ਊੱਡ ਗਈਆਂ ਅਤੇ ਹੁਣ ਰਾਸ਼ਟਰਪਤੀ ਦੇ ਦਖ਼ਲ ਨਾਲ ਹੀ ਇਸ ’ਚ ਸੁਧਾਰ ਕੀਤਾ ਜਾ ਸਕਦਾ ਹੈ। ਊਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਊਹ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ ਤੇ ਦਲਿਤਾਂ ਨਾਲ ਖੜ੍ਹੇ ਹੋਣ। ਊਨ੍ਹਾਂ ਕਿਹਾ,‘‘ਅੰਨਦਾਤਾ ਭੁੱਖੇ-ਭਾਣੇ ਸੜਕਾਂ ਉਪਰ ਨਾ ਸੋਵੇ। ਇਸ ਲਈ ਰਾਸ਼ਟਰਪਤੀ ਦਖ਼ਲ ਦੇਣ ਨਹੀਂ ਤਾਂ ਕਿਸਾਨ ਸਾਨੂੰ ਕਦੇ ਮੁਆਫ਼ ਨਹੀਂ ਕਰਨਗੇ।’’ ਦੇਸ਼ ਦੇ ਕਰੋੜਾਂ ਲੋਕਾਂ ਅਤੇ ਲੋਕਤੰਤਰ ਲਈ ਅੱਜ ਦੇ ਦਿਨ ਨੂੰ ਨਿਰਾਸ਼ਾ ਭਰਿਆ ਦੱਸਦਿਆਂ ਉਨ੍ਹਾਂ ਅਪੀਲ ਕੀਤੀ ਕਿ ਰਾਸ਼ਟਰਪਤੀ ਇਹ ਬਿੱਲ ਸੰਸਦ ਵਿੱਚ ਵਾਪਸ ਭੇਜ ਕੇ ਊਨ੍ਹਾਂ ’ਤੇ ਨਜ਼ਰਸਾਨੀ ਲਈ ਆਖਣ।