ਖੇਤਰੀ ਪ੍ਰਤੀਨਿਧ
ਪਟਿਆਲਾ, 1 ਨਵੰਬਰ
ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਪੰਜਾਬ ਕੋਲ ਦੁਨੀਆ ਦੇ ਨਕਸ਼ੇ ’ਤੇ ਆਪਣੀ ਅਮੀਰ ਵਿਰਾਸਤ ਦਿਖਾਉਣ ਲਈ ਕਾਫ਼ੀ ਕੁਝ ਹੈ ਪਰ ਪਿਛਲੀਆਂ ਸਰਕਾਰਾਂ ਦੌਰਾਨ ਟੂਰਿਜ਼ਮ ਨੂੰ ਤਵੱਜੋਂ ਨਾ ਦੇਣ ਕਾਰਨ ਪੰਜਾਬ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਵਿੱਚ ਸਫਲ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਸੂਬੇ ਵਿੱਚ ਟੂਰਿਜ਼ਮ ਨੂੰ ਪ੍ਰਫੁੱਲਿਤ ਕਰਨ ਲਈ ਕੰਮ ਸ਼ੁਰੂ ਹੋ ਗਿਆ ਹੈ। ਉਹ ਪੰਜਾਬੀ ਯੂਨੀਵਰਸਿਟੀ ਵਿੱਚ ਦੋ ਰੋਜ਼ਾ ‘ਸਰਬ ਭਾਰਤੀ ਪੰਜਾਬੀ ਕਾਨਫ਼ਰੰਸ’ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਪ ਕੁਲਪਤੀ ਪ੍ਰੋ. ਅਰਵਿੰਦ ਨਾਲ ਟੂਰਿਜ਼ਮ ਸਬੰਧੀ ਵਿਚਾਰ ਕਰਦਿਆਂ ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੇ ਪੰਜਾਬੀ ਭਾਸ਼ਾ ਦੇ ਨਾਲ ਨਾਲ ਸਭਿਆਚਾਰ ਨੂੰ ਸਾਂਭਣ ਲਈ ਵੀ ਚੰਗਾ ਕੰਮ ਕੀਤਾ ਹੈ।