ਪਾਲ ਸਿੰਘ ਨੌਲੀ
ਜਲੰਧਰ, 10 ਅਪਰੈਲ
ਇੰਗਲੈਂਡ ਦੀ ਮਹਾਰਾਣੀ ਐਲਿਜ਼ਾਬੇਥ-II ਦੇ ਪਤੀ ਪ੍ਰਿੰਸ ਫਿਲਿਪ ਦੂਜੇ ਦਾ ਦੇਹਾਂਤ ਹੋਣ ’ਤੇ ਉਨ੍ਹਾਂ ਨੂੰ ਦੁਨੀਆਂ ਭਰ ਦੇ ਦੇੇਸ਼ਾਂ ਤੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਜਾ ਰਹੀਆਂ ਹਨ। ਸਾਲ 2009 ਵਿੱਚ ਇੰਗਲੈਂਡ ਦੇ ਵਿੰਡਸਰ ਕੈਸਲ ਵਿੱਚ ਵਾਤਾਵਰਨ ਬਾਰੇ ਜਿਹੜੀ ਕਾਨਫਰੰਸ ਹੋਈ ਸੀ ਉਸ ਵਿੱਚ ਪੰਜਾਬ ਤੋਂ ਪਹੁੰਚੇ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਸੰਤ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਦੀ ਮਿਲਣੀ ਪ੍ਰਿੰਸ ਫਿਲਿਪ ਨਾਲ ਹੋਈ ਸੀ। ਵਾਤਾਵਰਨ ਪ੍ਰੇਮੀ ਸੰਤ ਸੀਚੇਵਾਲ ਨੇ ਪ੍ਰਿੰਸ ਫਿਲਿਪ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ 12 ਸਾਲ ਪਹਿਲਾਂ ਫਿਲਿਪ ਦੂਜੇ ਨਾਲ ਹੋਈ ਸੰਖੇਪ ਮਿਲਣੀ ਬਾਰੇ ਦੱਸਿਆ ਕਿ ਸਾਲ 2009 ਦਾ ਨਵੰਬਰ ਮਹੀਨਾ ਸੀ ਜਦੋਂ ਵਿੰਡਸਰ ਕੈਸਲ ਵਿੱਚ ਦੁਨੀਆਂ ਭਰ ’ਚੋਂ 300 ਦੇ ਕਰੀਬ ਧਾਰਮਿਕ ਸ਼ਖ਼ਸੀਅਤਾਂ ਨੇ ਕਾਨਫਰੰਸ ਵਿੱਚ ਹਿੱਸਾ ਲਿਆ ਸੀ। ਇਹ ਕਾਨਫਰੰਸ ਏਨੀ ਮਹੱਤਵਪੂਰਨ ਸੀ ਕਿ ਮੇਜ਼ਬਾਨ ਦੇਸ਼ ਇੰਗਲੈਂਡ ਦੇ ਸ਼ਾਹੀ ਪਰਿਵਾਰ ਵਿੱਚੋਂ ਸਭ ਤੋਂ ਅਹਿਮ ਸ਼ਖ਼ਸੀਅਤ ਪ੍ਰਿੰਸ ਫਿਲਿਪ ਦੂਜੇ ਨੇ ਇਸ ਵਿੱਚ ਹਿੱਸਾ ਲਿਆ ਸੀ ਤੇ ਉਸ ਵੇਲੇ ਦੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਬਾਨ ਕੀ ਮੂਨ ਉਚੇਚੇ ਤੌਰ ’ਤੇ ਇਸ ਕਾਨਫਰੰਸ ਵਿੱਚ ਆਏ ਸਨ। ਉਦੋਂ ਫਿਲਿਪ ਤੇ ਬਾਨ ਕੀ ਮੂਨ ਨੇ ਕਿਹਾ ਕਿ ਦੁਨੀਆਂ ਦੇ ਹਰ ਧਾਰਮਿਕ ਅਸਥਾਨ ਤੋਂ ਵਾਤਾਵਰਨ ਦੀ ਗੱਲ ਚੱਲਣੀ ਚਾਹੀਦੀ ਹੈ। ਉਨ੍ਹਾਂ ਸਾਲ 2009 ਦੇ ਇਸ ਸਮਾਗਮ ਨੂੰ ਯਾਦ ਕਰਦਿਆਂ ਕਿਹਾ ਕਿ ਪਵਿੱਤਰ ਵੇਈਂ ਦੀ ਕਾਰ ਸੇਵਾ ਬਾਰੇ ਜਾਣਕਾਰੀ ਹਾਸਲ ਕਰਕੇ ਇੱਕ ਤਰ੍ਹਾਂ ਨਾਲ ਪ੍ਰਿੰਸ ਫਿਲਿਪ ਨੇ ਪੰਜਾਬ ਦੇ ਲੋਕਾਂ ਦੇ ਹੱਥੀਂ ਕਿਰਤ ਕਰਨ ਦੇ ਸੰਕਲਪ ਨੂੰ ਵੀ ਨੇੜਿਓਂ ਦੇਖਿਆ ਸੀ। ਸੰਤ ਸੀਚੇਵਾਲ ਨੇ ਦੱਸਿਆ ਕਿ ਪ੍ਰਿੰਸ ਫਿਲਿਪ ਨਾਲ ਉਨ੍ਹਾਂ ਦੀ ਜਾਣ-ਪਛਾਣ ਅਮਰੀਕਾ ਦੇ ਡਾ. ਰਾਜਵੰਤ ਸਿੰਘ ਨੇ ਕਰਵਾਈ ਸੀ। ਡਾ. ਰਾਜਵੰਤ ਸਿੰਘ ਨੇ ਹੀ ਸੰਤ ਸੇਵਾ ਸਿੰਘ ਖਡੂਰ ਸਾਹਿਬ ਵਾਲਿਆ ਬਾਰੇ ਵੀ ਪ੍ਰਿੰਸ ਫਿਲਿਪ ਨੂੰ ਬੜੇ ਮਾਣ ਨਾਲ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਕਾਰ ਸੇਵਾ ਰਾਹੀਂ ਪੰਜਾਬ ਦੀ ਧਰਤੀ ਨੂੰ ਹਰਿਆ-ਭਰਿਆ ਬਣਾਉਣ ਲਈ ਸੜਕਾਂ ਸਮੇਤ ਹੋਰ ਧਾਰਮਿਕ ਅਤੇ ਸਾਂਝੀਆਂ ਥਾਵਾਂ ’ਤੇ ਵੱਡੀ ਪੱਧਰ ’ਤੇ ਬੂਟੇ ਲਾਏ ਸਨ। ਅਮਰੀਕਾ ਵਿੱਚ ਰਹਿੰਦੇ ਡਾ. ਰਾਜਵੰਤ ਸਿੰਘ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਪੰਜਾਬ ਦੀਆਂ ਦੋਵੇਂ ਧਾਰਮਿਕ ਸ਼ਖ਼ਸੀਅਤਾਂ ਦੀ ਸਾਲ 2009 ਵਿੱਚ ਖਿੱਚੀ ਤਸਵੀਰ ਵੀ ਸਾਂਝੀ ਕਰਦਿਆ ਪ੍ਰਿੰਸ ਫਿਲਿਪ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਯੂਕੇ: ਮਰਹੂਮ ਰਾਜਕੁਮਾਰ ਨੂੰ ਤੋਪਾਂ ਦੀ ਸਲਾਮੀ, 8 ਦਿਨ ਦਾ ਸੋਗ ਐਲਾਨਿਆ
ਲੰਡਨ: ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈੱਥ ਦੋਇਮ ਦੇ ਪਤੀ ਮਰਹੂਮ ਰਾਜਕੁਮਾਰ ਫ਼ਿਲਿਪ ਨੂੰ ਅੱਜ ਯੂਕੇ ਵਿਚ ਤੋਪਾਂ ਦੀ ਸਲਾਮੀ ਦਿੱਤੀ ਗਈ। ਉਨ੍ਹਾਂ ਦੇ ਸਨਮਾਨ ਵਿਚ ਬਰਤਾਨਵੀ ਜਲ ਸੈਨਾ ਦੇ ਕਈ ਜਹਾਜ਼ਾਂ ’ਤੇ ਵੀ ਤੋਪਾਂ ਦੀ ਸਲਾਮੀ ਦਿੱਤੀ ਗਈ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਰਾਜਕੁਮਾਰ ਫ਼ਿਲਿਪ (99) ਦੀ ਮੌਤ ਹੋ ਗਈ ਸੀ। ਲੰਡਨ, ਕਾਰਡਿਫ, ਬੇਲਫਾਸਟ ਤੇ ਐਡਿਨਬਰਾ ’ਚ 41 ਰੌਂਦ ਫਾਇਰ ਕੀਤੇ ਗਏ। ਬਰਤਾਨੀਆ ਵਿਚ 8 ਦਿਨ ਦਾ ਸੋਗ ਐਲਾਨਿਆ ਗਿਆ ਹੈ। ਸ਼ਾਹੀ ਮਹਿਲ ਦੀ ਵੈੱਬਸਾਈਟ ਉਤੇ ਇਕ ਆਨਲਾਈਨ ਬੁੱਕ ਲਾਂਚ ਕੀਤੀ ਗਈ ਹੈ ਜਿੱਥੇ ਲੋਕ ਆਪਣੇ ਸ਼ੋਕ ਸੁਨੇਹੇ ਲਿਖ ਸਕਦੇ ਹਨ। ਫ਼ਿਲਿਪ ਦੀਆਂ ਆਖ਼ਰੀ ਰਸਮਾਂ ਵਿੰਡਸਰ ਮਹਿਲ ਵਿਚ ਹੀ ਹੋਣਗੀਆਂ। ਇਸ ਬਾਰੇ ਹਾਲੇ ਹੋਰ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। -ਪੀਟੀਆਈ