ਜਗਜੀਤ ਸਿੰਘ
ਮੁਕੇਰੀਆਂ, 4 ਨਵੰਬਰ
ਐੱਸਪੀਐੱਨ ਕਾਲਜ ਦੇ ਪ੍ਰਿੰਸੀਪਲ ਸਮੀਰ ਸ਼ਰਮਾ ਵੱਲੋਂ ਡੀਜੀਪੀ ਕੋਲ ਕਾਲਜ ਦੇ ਸਾਬਕਾ ਪ੍ਰੋਫੈ਼ਸਰ ਤਰੁਣ ਘਈ ਖ਼ਿਲਾਫ਼ ਕੀਤੀ ਸ਼ਿਕਾਇਤ ਦੀ ਜਾਂਚ ਹੁਣ ਐੱਸਪੀ ਹੈੱਡਕੁਆਰਟਰ ਨੇ ਆਰੰਭ ਦਿੱਤੀ ਹੈ। ਇਸ ਸ਼ਿਕਾਇਤ ਵਿੱਚ ਪ੍ਰਿੰਸੀਪਲ ਡਾ. ਸ਼ਰਮਾ ਨੇ ਤਰੁਣ ਘਈ ‘ਤੇ ਨਿਯੁਕਤੀ ਮੌਕੇ ਤੱਥ ਛੁਪਾਉਣ ਦੇ ਦੋਸ਼ ਲਾਏ ਸਨ। ਜਾਣਕਾਰੀ ਮੁਤਾਬਕ ਇਸ ਤੋਂ ਪਹਿਲਾਂ ਤਰੁਣ ਘਈ ਵੱਲੋਂ ਪ੍ਰਿੰਸੀਪਲ ਸ਼ਰਮਾ ਖ਼ਿਲਾਫ਼ ਦਿੱਤੀ ਸ਼ਿਕਾਇਤ ਮਗਰੋਂ ਵੀ ਜਾਂਚ ਸ਼ੁਰੂ ਹੋ ਚੁੱਕੀ ਹੈ। ਬੀਤੇ ਦਿਨ ਪ੍ਰਿੰਸੀਪਲ ਸ਼ਰਮਾ ਨੇ ਪੁਲੀਸ ਕੋਲ ਬਿਆਨ ਦਰਜ ਕਰਵਾਏ ਸਨ ਕਿ ਤਰੁਣ ਘਈ ਨੇ ਬਤੌਰ ਸਹਾਇਕ ਪ੍ਰੋਫੈਸਰ ਕਾਲਜ ਜੁਆਇਨ ਕਰਨ ਮੌਕੇ ਦਿੱਤੇ ਸਵੈ-ਘੋਸ਼ਣਾ ਪੱਤਰ ਵਿੱਚ ਲਿਖਿਆ ਸੀ ਕਿ ਉਸ ਨੂੰ ਕਿਸੇ ਵੀ ਸਰਕਾਰੀ ਜਾਂ ਨਿੱਜੀ ਅਦਾਰੇ ਤੋਂ ਬਰਖ਼ਾਸਤ ਨਹੀਂ ਕੀਤਾ ਗਿਆ, ਜਦਕਿ ਫੰਡਾਂ ਦੀ ਦੁਰਵਰਤੋਂ ਕਰਨ, ਪ੍ਰਿੰਸੀਪਲ ਨਾਲ ਦੁਰਵਿਹਾਰ ਕਰਨ ਅਤੇ ਵਿਦਿਆਰਥੀਆਂ ਨੂੰ ਕਾਲਜ ਖ਼ਿਲਾਫ਼ ਭੜਕਾਉਣ ਦੇ ਦੋਸ਼ ਹੇਠ ਉਸ ਨੂੰ 2010 ਵਿੱਚ ਗੰਗਾਗਿਰੀ ਕਾਲਜ ਰਾਏਕੋਟ ‘ਚੋਂ ਕੱਢਿਆ ਗਿਆ ਸੀ। ਜਾਣਕਾਰੀ ਲੁਕਾ ਕੇ ਰੱਖਣ ਕਾਰਨ ਹੁਣ ਤਰੁਣ ਘਈ ਨੂੰ ਐੱਸਪੀਐੱਨ ਕਾਲਜ ‘ਚੋਂ ਵੀ ਬਰਖ਼ਾਸਤ ਕੀਤਾ ਗਿਆ ਹੈ। ਐੱਸਪੀ (ਹੈੱਡਕੁਆਰਟਰ) ਹੁਸ਼ਿਆਰਪੁਰ ਮਨਜੀਤ ਕੌਰ ਨੇ ਦੋ ਨਵੰਬਰ 2022 ਨੂੰ ਦੋਵੇਂ ਧਿਰਾਂ ਦੇ ਬਿਆਨ ਦਰਜ ਕੀਤੇ ਹਨ। ਤਰੁਣ ਘਈ ਦਾ ਕਹਿਣਾ ਹੈ ਕਿ ਸਵੈ ਘੋਸ਼ਣਾ ਪੱਤਰ ਵਿੱਚ ਅਪਰਾਧਿਕ ਕੇਸਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ, ਜਦਕਿ ਇਹ ਮਾਮਲਾ ਸਿਵਲ ਨਾਲ ਸਬੰਧਤ ਸੀ। ਉਸ ਨੇ ਦਾਅਵਾ ਕੀਤਾ ਕਿ ਕਮੇਟੀ ਦੇ ਪ੍ਰਧਾਨ ਰਾਜਨ ਮੱਕੜ ਨੂੰ ਨਿੱਜੀ ਤੌਰ ‘ਤੇ ਜਾਣਕਾਰੀ ਦਿੱਤੀ ਗਈ ਸੀ।