ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 12 ਅਕਤੂਬਰ
ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਐਲਾਨ ਕੀਤਾ ਕਿ ਵਾਹਨ ਟਰੈਕਿੰਗ ਸਿਸਟਮ (ਵੀ.ਟੀ.ਐੱਸ.) ਹੁਣ ਸੂਬੇ ਵਿੱਚ ਚੱਲ ਰਹੀਆਂ ਸਾਰੀਆਂ ਪ੍ਰਾਈਵੇਟ ਬੱਸਾਂ ਵਿੱਚ ਵੀ ਲਾਇਆ ਜਾਵੇਗਾ| ਇੱਥੇ ਪੰਜਾਬ ਰੋਡਵੇਜ਼ ਅਤੇ ਪਨਬੱਸ ਦੇ ਮੁੱਖ ਦਫ਼ਤਰ ਵਿੱਚ ਬੱਸ ਟਰੈਕਿੰਗ ਸਿਸਟਮ ਮੌਨੀਟਰਿੰਗ ਅਤੇ ਕੰਟਰੋਲ ਰੂਮ ਦੇ ਕੰਮਕਾਜ ਦੀ ਸਮੀਖਿਆ ਕਰਦਿਆਂ ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਬੱਸਾਂ ਦੀ ਕਾਰਗੁਜ਼ਾਰੀ ਸੁਰੱਖਿਆ ਦੇ ਲਿਹਾਜ਼ ਨਾਲ ਤਸੱਲੀਬਖ਼ਸ਼ ਨਾ ਹੋਣ ਕਾਰਨ ਨਿੱਜੀ ਬੱਸਾਂ ਵਿੱਚ ਵੀ ਵਾਹਨ ਟਰੈਕਿੰਗ ਸਿਸਟਮ ਲਾਇਆ ਜਾਵੇਗਾ| ਉਨ੍ਹਾਂ ਸਿਸਟਮ ਦੇ ਕੰਮਕਾਜ ਦੀ ਜਾਂਚ ਕਰਨ ਲਈ ਵੱਖ-ਵੱਖ ਡਿੱਪੂਆਂ ਦੇ ਕਈ ਜਨਰਲ ਮੈਨੇਜਰਾਂ, ਡਰਾਈਵਰਾਂ ਅਤੇ ਕੰਡਕਟਰਾਂ ਨੂੰ ਫ਼ੋਨ ਕਰਕੇ ਸਿਸਟਮ ਦੀ ਕੰਮ ਕਰਨ ਦੀ ਯੋਗਤਾ ਚੈੱਕ ਕੀਤੀ| ਜਾਣਕਾਰੀ ਮੁਤਾਬਿਕ ਟਰਾਂਸਪੋਰਟ ਵਿਭਾਗ ਦੇ ਉੱਡਣ ਦਸਤਿਆਂ ਨੇ ਚੈਕਿੰਗ ਮੁਹਿੰਮ ਤਹਿਤ ਅੱਜ ਪੰਜ ਜ਼ਿਲ੍ਹਿਆਂ ‘ਚ ਬਿਨਾਂ ਟੈਕਸ ਚੱਲ ਰਹੀਆਂ 10 ਬੱਸਾਂ ਨੂੰ ਵੀ ਜ਼ਬਤ ਕੀਤਾ|