ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 16 ਫਰਵਰੀ
ਕਾਂਗਰਸ ਦੀ ਸਟਾਰ ਪ੍ਰਚਾਰਕ ਪ੍ਰਿੰਯਕਾ ਗਾਂਧੀ ਇੱਥੇ ਵੋਟਾਂ ਮੰਗਣ ਤੋਂ ਪਹਿਲਾਂ ਲੋਕਾਂ ਨੂੰ 2017 ਵਿੱਚ ਕਾਂਗਰਸ ਵੱਲੋਂ ਕੀਤੇ ਗਏ ਵਾਅਦਿਆਂ ਦਾ ਲੇਖਾ-ਜੋਖਾ ਦੇਣ, ਜਿਨਾਂ ਨੂੰ ਕਾਂਗਰਸ ਸਰਕਾਰ ਹਾਲੇ ਤੱਕ ਪੂਰਾ ਨਹੀਂ ਕਰ ਸਕੀ। ਇਹ ਟਿੱਪਣੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਇਥੇ ਕੀਤੀ। ਅੱਜ ਇਥੇ ਹਲਕੇ ਦੇ ਵੱਖ-ਵੱਖ ਇਲਾਕਿਆਂ ਵਿੱਚ ਘਰ-ਘਰ ਜਾ ਕੇ ਪ੍ਰਚਾਰ ਕਰਨ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਮਜੀਠੀਆ ਨੇ ਕਿਹਾ ਕਿ ਪ੍ਰਿਯੰਕਾ ਗਾਂਧੀ ਕਿਸ ਆਧਾਰ ’ਤੇ ਪੰਜਾਬੀਆਂ ਕੋਲੋਂ ਵੋਟਾਂ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਿਯੰਕਾ ਗਾਂਧੀ ਨੂੰ ਪਹਿਲਾਂ 2017 ਵਿੱਚ ਕਾਂਗਰਸ ਵੱਲੋਂ ਆਪਣੇ ਚੋਣ ਮਨੋਰਥ ਪੱਤਰ ਵਿੱਚ ਕੀਤੇ ਗਏ ਵਾਅਦਿਆਂ ਦਾ ਹਿਸਾਬ ਦੇਣਾ ਚਾਹੀਦਾ ਹੈ।