ਐੱਨ.ਪੀ.ਧਵਨ
ਪਠਾਨਕੋਟ, 31 ਜਨਵਰੀ
ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਅਤੇ ਦਿੱਲੀ ਦੀਆਂ ਸਿੰਘੂ ਤੇ ਗਾਜ਼ੀਪੁਰ ਹੱਦਾਂ ’ਤੇ ਅੰਦੋਲਨ ਕਰ ਰਹੇ ਕਿਸਾਨਾਂ ’ਤੇ ਹੋਏ ਹਮਲਿਆਂ ਦੇ ਵਿਰੋਧ ਵਿੱਚ ਅੱਜ ਪਿੰਡ ਗੁਸਾਈਂਪੁਰ ਦੀ ਭਾਜਪਾ ਸਮਰਥਕ ਪੰਚਾਇਤ ਅਤੇ ਪਰਿਵਾਰਾਂ ਨੇ ਭਾਜਪਾ ਨੂੰ ਅਲਵਿਦਾ ਆਖ ਦਿੱਤੀ। ਭਾਜਪਾ ਛੱਡਣ ਵਾਲਿਆਂ ਵਿੱਚ ਭਾਜਪਾ ਦੇ ਸਾਬਕਾ ਬਲਾਕ ਸਮਿਤੀ ਮੈਂਬਰ ਤੇ ਭਾਜਪਾ ਜ਼ਿਲ੍ਹਾ ਕਾਰਜਕਾਰਨੀ ਮੈਂਬਰ ਕਰਨੈਲ ਸਿੰਘ, ਹਰਪ੍ਰੀਤ ਸਿੰਘ, ਅਜੀਤ ਸਿੰਘ, ਹਰਦੀਪ ਸਿੰਘ, ਪੰਚਾਇਤ ਮੈਂਬਰ ਸੁਰੈਣ ਸਿੰਘ, ਬਚਨ ਸਿਘ, ਸਰਵਨ ਸਿੰਘ, ਹਰਜੀਤ ਕੌਰ, ਗੁਰਪ੍ਰੀਤ ਸਿੰਘ ਆਦਿ ਸ਼ਾਮਲ ਹਨ।
ਇਨ੍ਹਾਂ ਆਗੂਆਂ ਨੇ ਕਿਹਾ ਕਿ ਭਾਜਪਾ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਦੇਸ਼ ਹਿੱਤ ਵਿੱਚ ਕਈ ਵੱਡੇ ਦਾਅਵੇ ਕੀਤੇ ਸਨ। ਅੱਜ ਦੇਸ਼ ਦਾ ਕਿਸਾਨ ਬੇਵੱਸ ਹੋ ਕੇ ਸੜਕਾਂ ’ਤੇ ਬੈਠਾ ਹੈ ਅਤੇ ਆਮ ਜਨਤਾ ਤ੍ਰਾਹ-ਤ੍ਰਾਹ ਕਰ ਰਹੀ ਹੈ ਪਰ ਕੇਂਦਰ ਦੀ ਭਾਜਪਾ ਸਰਕਾਰ ਆਪਣੇ ਸਿਧਾਤਾਂ ਤੋਂ ਭਟਕ ਚੁੱਕੀ ਹੈ ਅਤੇ ਆਪਣੇ ਹੰਕਾਰ ਕਾਰਨ ਇਸ ਨੂੰ ਕਿਸਾਨਾਂ ਦਾ ਦਰਦ ਵੀ ਨਜ਼ਰ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਭਾਜਪਾ ਆਗੂ ਕੌਮੀ ਹਿੱਤ ਦੀ ਗੱਲ ਜ਼ਰੂਰ ਕਰਦੇ ਹਨ ਪਰ ਕੌਮੀ ਹਿੱਤ ਬਾਰੇ ਸੋਚਦੇ ਨਹੀਂ ਹਨ। ਮੋਦੀ ਅਤੇ ਅਮਿਤ ਸ਼ਾਹ ਲੋਕਾਂ ਨੂੰ ਗੁਮਰਾਹ ਕਰ ਕੇ ਅੰਬਾਨੀਆਂ-ਅਡਾਨੀਆਂ ਦੇ ਫਾਇਦੇ ਬਾਰੇ ਸੋਚ ਰਹੇ ਹਨ। ਆਗੂਆਂ ਨੇ ਆਖਿਆ ਕਿ ਇਸੇ ਕਰਕੇ ਉਹ ਅੱਜ ਆਪਣੇ ਪੂਰੇ ਪਿੰਡ ਨਾਲ ਭਾਜਪਾ ਦਾ ਦਾਮਨ ਛੱਡ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਪਾਰਟੀ ਕਿਸਾਨਾਂ ਦੇ ਹਿੱਤ ਦੀ ਗੱਲ ਕਰੇਗੀ, ਉਹ ਉਸ ਨਾਲ ਖੜ੍ਹੇ ਹੋਣਗੇ।