ਐੱਨਪੀ ਧਵਨ
ਪਠਾਨਕੋਟ, 8 ਨਵੰਬਰ
ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਅੱਜ ਜ਼ਿਲ੍ਹੇ ਦੇ ਸਰਹੱਦੀ ਪਿੰਡ ਮੰਗਵਾਲ ਵਿੱਚ ਵੀਡੀਸੀ (ਵਿਲੇਜ ਡਿਫੈਂਸ ਕਮੇਟੀ) ਮੈਂਬਰਾਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਰਾਜਪਾਲ ਨੇ ਕਿਹਾ ਕਿ ਸਰਹੱਦ ਨਾਲ ਲੱਗਦੇ ਪਿੰਡਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ’ਤੇ ਹੱਲ ਕੀਤੀਆਂ ਜਾਣਗੀਆਂ। ਇਸ ਦੌਰਾਨ ਉਨ੍ਹਾਂ ਹਿੰਦ-ਪਾਕਿ ਸਰਹੱਦ ਦਾ ਦੌਰਾ ਕਰ ਕੇ ਬੀਐੱਸਐੱਫ ਅਤੇ ਪੰਜਾਬ ਪੁਲੀਸ ਵੱਲੋਂ ਲਾਈ ਗਈ ਹਥਿਆਰਾਂ ਦੀ ਪ੍ਰਦਰਸ਼ਨੀ ਵੀ ਦੇਖੀ। ਕਟਾਰੀਆ ਨੇ ਕਿਹਾ ਕਿ ਸਰਹੱਦੀ ਖੇਤਰ ਵਿੱਚ ਕਈ ਅਜਿਹੀਆਂ ਸਮੱਸਿਆਵਾਂ ਹਨ, ਜੋ ਵਾਰ-ਵਾਰ ਸਾਹਮਣੇ ਆ ਰਹੀਆਂ ਹਨ। ਇਨ੍ਹਾਂ ਨੂੰ ਹੱਲ ਕਰਨ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਹੈ। ਰਾਜਪਾਲ ਨੇ ਵੀਡੀਸੀ ਮੈਂਬਰਾਂ ਨੂੰ ਕਿਹਾ ਕਿ ਆਪੋ-ਆਪਣੇ ਪਿੰਡਾਂ ਵਿੱਚ 10 ਵਿਅਕਤੀਆਂ ਦੀ ਕਮੇਟੀ ਬਣਾਉਣ ਦੌਰਾਨ ਇਸ ਵਿੱਚ ਘੱਟੋ-ਘੱਟ 2 ਜਾਂ 3 ਔਰਤਾਂ ਜ਼ਰੂਰ ਸ਼ਾਮਲ ਕੀਤੀਆਂ ਜਾਣ।
ਇਸ ਮਗਰੋਂ ਰਾਜਪਾਲ ਨੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਡੀਸੀ ਕੰਪਲੈਕਸ ਵਿੱਚ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ 3 ਮਹੀਨੇ ਬਾਅਦ ਉਹ ਮੁੜ ਜ਼ਿਲ੍ਹਾ ਪਠਾਨਕੋਟ ਦੇ ਬਮਿਆਲ ਬਾਰਡਰ ਦਾ ਦੌਰਾ ਕਰਨਗੇ। ਉਹ ਪਿਛਲੇ 4 ਦਿਨਾਂ ਤੋਂ ਸਰਹੱਦੀ ਜ਼ਿਲ੍ਹਿਆਂ ਦੇ ਦੌਰੇ ’ਤੇ ਹਨ। ਉਨ੍ਹਾਂ ਕਿਹਾ ਕਿ ਲਗਪਗ ਹਰ ਜ਼ਿਲ੍ਹੇ ਵਿੱਚ ਇੱਕੋ ਜਿਹੀਆਂ ਸਮੱਸਿਆਵਾਂ ਹਨ। ਕੁਝ ਸਮੱਸਿਆਵਾਂ ਅਜਿਹੀਆਂ ਹਨ, ਜਿਨ੍ਹਾਂ ਨੂੰ ਜਲਦੀ ਹੱਲ ਕੀਤਾ ਜਾ ਸਕਦਾ ਹੈ ਅਤੇ ਕੁਝ ਨੂੰ ਥੋੜ੍ਹਾ ਸਮਾਂ ਲੱਗੇਗਾ। ਰਾਜਪਾਲ ਨੇ ਕਿਹਾ ਕਿ ਬੇਰੁਜ਼ਗਾਰੀ ਨੂੰ ਦੂਰ ਕਰਨ ਲਈ ਵੱਡਾ ਪ੍ਰਾਜੈਕਟ ਲਾਉਣ ਦੀ ਗੱਲ ਸਾਹਮਣੇ ਆਈ ਹੈ ਅਤੇ ਇਸ ਦੀ ਤਜਵੀਜ਼ ਬਣਾ ਕੇ ਕੇਂਦਰ ਸਰਕਾਰ ਨੂੰ ਭੇਜੀ ਜਾਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਭਾਰਤ-ਪਾਕਿ ਸਰਹੱਦ ’ਤੇ ਕੰਡਿਆਲੀ ਤਾਰ ਦੇ ਪਾਰ ਕਿਸਾਨਾਂ ਦੀ ਜ਼ਮੀਨ ’ਤੇ ਖੇਤੀ ਕਰਨ ਨੂੰ ਪ੍ਰਕਿਰਿਆ ਨੂੰ ਜਲਦੀ ਹੀ ਆਸਾਨ ਕੀਤਾ ਜਾਵੇਗਾ। ਰਾਜਪਾਲ ਨਾਲ ਵਧੀਕ ਚੀਫ ਸਕੱਤਰ ਸ਼ਿਵਾ ਪ੍ਰਸ਼ਾਦ, ਪ੍ਰਿੰਸੀਪਲ ਸਕੱਤਰ ਵੀਕੇ ਮੀਨਾ, ਸਕੱਤਰ ਕੇਕੇ ਯਾਦਵ, ਡਿਵੀਜ਼ਨਲ ਕਮਿਸ਼ਨਰ ਪ੍ਰਦੀਪ ਸਭਰਵਾਲ, ਅੰਮ੍ਰਿਤਸਰ ਦੇ ਡੀਸੀ ਸਾਕਸ਼ੀ, ਡੀਆਈਜੀ ਸਰਹੱਦੀ ਰੇਂਜ ਸਤਿੰਦਰ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਡੈਮ ਦੇ ਪਾਵਰ ਹਾਊਸ ਦਾ ਨਿਰੀਖਣ
ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਬੀਤੀ ਰਾਤ ਰਣਜੀਤ ਸਾਗਰ ਡੈਮ ਵਿੱਚ ਬਿਤਾਈ। ਇੱਥੇ ਡੈਮ ਦੇ ਅਧਿਕਾਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਡੈਮ ਦੇ ਪਾਵਰ ਹਾਊਸ ਦਾ ਨਿਰੀਖਣ ਕੀਤਾ। ਚੀਫ ਇੰਜਨੀਅਰ ਵਰਿੰਦਰ ਕੁਮਾਰ ਨੇ ਰਾਜਪਾਲ ਨੂੰ ਡੈਮ ਤੋਂ ਪੈਦਾ ਹੋ ਰਹੀ ਬਿਜਲੀ ਅਤੇ ਸ਼ਾਹਪੁਰ ਕੰਢੀ ਡੈਮ (ਨਿਰਮਾਣ ਅਧੀਨ) ਬਾਰੇ ਵੀ ਜਾਣਕਾਰੀ ਦਿੱਤੀ।