ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 13 ਜੂਨ
ਇੰਡਸਟਰੀ ਦੀਆਂ ਸਮੱਸਿਆਵਾਂ ਨੂੰ ਲੈ ਕੇ ਪੰਜਾਬ ਦੇ ਉਦਯੋਗਪਤੀਆਂ ਦੀ ਬੈਠਕ ਅੱਜ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਉੱਚ ਅਧਿਕਾਰੀਆਂ ਨਾਲ ਹੋਈ। ਉਦਯੋਗਪਤੀਆਂ ਨੇ ਕਿਹਾ ਕਿ ਸੂਬੇ ਵਿੱਚ ਮਾਹੌਲ ਉਦਯੋਗਾਂ ਦੇ ਹੱਕ ਵਿੱਚ ਨਾ ਹੋਣ ਦੇ ਬਾਵਜੂਦ ਉਹ ਸੂਬੇ ਦੇ ਵਿਕਾਸ ਲਈ ਕੰਮ ਕਰ ਰਹੇ ਹਨ।
ਇਹ ਮੀਟਿੰਗ ਸੰਗਰੂਰ ਡਿਸਟ੍ਰਿਕਟ ਇੰਡਸਟਰੀਅਲ ਚੈਂਬਰ ਦੇ ਚੇਅਰਮੈਨ ਡਾ. ਏ ਆਰ ਸ਼ਰਮਾ, ਪ੍ਰਧਾਨ ਸੰਜੀਵ ਚੋਪੜਾ ਅਤੇ ਸਾਬਕਾ ਪ੍ਰਧਾਨ ਘਣਸ਼ਿਆਮ ਕਾਂਸਲ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਵਿੱਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਕੇ ਪੀ ਸਿਨਹਾ, ਇੰਡਸਟਰੀ ਦੇ ਪ੍ਰਿੰਸੀਪਲ ਸਕੱਤਰ ਦਲੀਪ ਕੁਮਾਰ ਅਤੇ ਐਕਸਾਈਜ਼ ਕਮਿਸ਼ਨਰ ਵਰੁਣ ਰੂਜ਼ਮ ਵੀ ਮੌਜੂਦ ਸਨ। ਬੈਠਕ ਦੌਰਾਨ ਉਦਯੋਗਪਤੀਆਂ ਵੱਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੋਂ ਮੰਗ ਕੀਤੀ ਗਈ ਕਿ ਪੰਜਾਬ ਸਟੇਟ ਡਿਵੈਲਪਮੈਂਟ ਟੈਕਸ ਲਗਾਉਣ ਦੇ ਫ਼ੈਸਲੇ ਬਾਰੇ ਮੁੜ ਵਿਚਾਰ ਕੀਤਾ ਜਾਵੇ। ਸੀਐੱਲਯੂ ਦੀ ਫ਼ੀਸ ਨੂੰ ਹੀ ਐੱਨਓਸੀ ਦੇ ਰੂਪ ਵਿੱਚ ਮੰਨਿਆ ਜਾਵੇ। ਇਨ੍ਹਾਂ ਮੰਗਾਂ ਬਾਰੇ ਭਰੋਸਾ ਦਿੰਦਿਆਂ ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਚੋਣ ਜ਼ਾਬਤਾ ਹਟਣ ਮਗਰੋਂ ਇੰਡਸਟਰੀ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਫ਼ੈਸਲੇ ਲਏ ਜਾਣਗੇ।