ਮਹਿੰਦਰ ਸਿੰਘ ਰੱਤੀਆਂ
ਮੋਗਾ, 27 ਅਗਸਤ
ਇਥੇ 14 ਜੁਲਾਈ ਦੀ ਸ਼ਾਮ ਨੂੰ ਇੱਕ ਵੱਡੇ ਕਾਰੋਬਾਰੀ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ ਦੇ ਮਾਮਲੇ ਵਿੱਚ ਪੁੱਛ-ਪੜਤਾਲ ਲਈ ਸਥਾਨਕ ਪੁਲੀਸ ਨੇ ਅੰਮ੍ਰਿਤਸਰ ਜੇਲ੍ਹ ’ਚ ਬੰਦ ਨਾਮੀ ਗੈਂਗਸਟਰ ਦਾ ਪ੍ਰੋਡਕਸ਼ਨ ਵਾਰੰਟ ਹਾਸਲ ਕੀਤਾ ਹੈ। ਇਸ ਹੱਤਿਆ ਕਾਂਡ ਦੀ ਜ਼ਿੰਮੇਵਾਰੀ ਫੇਸਬੁੱਕ ਉੱਤੇ ਸੁੱਖਾ ਗਿੱਲ ਲੰਮੇ ਗਰੁੱਪ ਨੇ ਲਈ ਸੀ।
ਇੱਕ ਪੁਲੀਸ ਅਧਿਕਾਰੀ ਨੇ ਮੰਨਿਆ ਕਿ ਗੈਂਗਸਟਰ ਵੱਟਸਐੱਪ ਤੋਂ ਇਲਾਵਾ ਹੋਰ ਨਵੀਨਤਮ ਤਕਨਾਲੋਜੀ ਨਾਲ ਫ਼ਿਰੌਤੀ ਆਦਿ ਲਈ ਫੋਨ ਕਰ ਰਹੇ ਹਨ, ਜਿਸ ਕਾਰਨ ਫ਼ਿਰੌਤੀ ਲਈ ਆਏ ਫੋਨ ਨੰਬਰ ਦੀ ਲੋਕੇਸ਼ਨ ਆਦਿ ਲੱਭਣੀ ਮੁਸ਼ਕਲ ਹੋ ਜਾਂਦੀ ਹੈ। ਮ੍ਰਿਤਕ ਕਾਰੋਬਾਰੀ ਤੇਜਿੰਦਰ ਸਿੰਘ ਉਰਫ਼ ਪਿੰਕਾ ਦੀ ਹੱਤਿਆ ਦੇ ਮਾਮਲੇ ’ਚ ਪੁੱਛ-ਪੜਤਾਲ ਲਈ ਅੰਮ੍ਰਿਤਸਰ ਜੇਲ੍ਹ ’ਚ ਬੰਦ ਨਾਮੀਂ ਗੈਂਗਸਟਰ ਗਗਨਦੀਪ ਸਿੰੰਘ ਉਰਫ਼ ਗਗਨ ਜੱਜ ਦਾ ਅਦਾਲਤ ’ਚੋਂ ਪ੍ਰੋਡਕਸ਼ਨ ਵਾਰੰਟ ਲਿਆ ਗਿਆ ਹੈ ਅਤੇ ਭਲਕੇ ਸ਼ੁੱਕਰਵਰ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਉਸ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਉਹ ਲੁਧਿਆਣਾ ਵਿਖੇ 30 ਕਿਲੋ ਸੋਨੇ ਦੀ ਹੋਈ ਲੁੱਟ ਦੇ ਮਾਮਲੇ ਵਿਚ ਗ੍ਰਿਫ਼ਤਾਰੀ ਮਗਰੋਂ ਨਿਆਂਇਕ ਹਿਰਾਸਤ ਤਹਿਤ ਅੰਮ੍ਰਿਤਸਰ ਜੇਲ੍ਹ ’ਚ ਬੰਦ ਹੈ।
ਇਥੇ ਥਾਣਾ ਸਿਟੀ ਦੱਖਣੀ ਪੁਲੀਸ ਨੇ 8 ਅਗਸਤ ਨੂੰ ਗੈਂਗਸਟਰ ਗਗਨਦੀਪ ਸਿੰੰਘ ਉਰਫ਼ ਗਗਨ ਜੱਜ ਨੂੰ ਜੇਲ੍ਹ ਵਿੱਚੋਂ ਲੋਕਾਂ ਨੂੰ ਫੋਨ ਕਰਕੇ ਡਰਾ ਧਮਕਾ ਕੇ ਫਿਰੌਤੀ ਮੰਗਣ ਦੋਸ਼ ਹੇਠ ਨਾਮਜ਼ਦ ਕੀਤਾ ਹੈ।
ਉਸ ਦੀ ਮਾਂ ਸਵਰਨਜੀਤ ਕੌਰ ਵਾਸੀ ਫ਼ਿਰੋਜ਼ਪੁਰ ਅਤੇ ਹਰਪ੍ਰੀਤ ਸਿੰਘ ਪਿੰਡ ਭੰਬਾ ਲੰਡਾ (ਫਿਰੋਜ਼ਪੁਰ), ਅਮਨਦੀਪ ਸਿੰਘ ਪਿੰਡ ਚੂਹੜ ਚੱਕ ਅਤੇ 2 ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਕਿਸੇ ਤੋਂ ਫਿਰੌਤੀ ਦੀ ਰਕਮ ਵਸੂਲਣ ਇਥੇ ਆਈ ਗੈਂਗਸਟਰ ਦੀ ਮਾਂ ਸਵਰਨਜੀਤ ਕੌਰ, ਹਰਪ੍ਰੀਤ ਸਿੰਘ ਅਤੇ ਅਮਨਦੀਪ ਸਿੰਘ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰਕੇ ਇਕ ਗੱਡੀ ਵੀ ਕਬਜ਼ੇ ਵਿੱਚ ਲੈ ਲਈ ਸੀ।
ਫਿਰੌਤੀ ਮੰਗਣ ਵਾਲੇ ਦੀ ਨਹੀਂ ਮਿਲੀ ਮੋਬਾਈਲ ਲੋਕੇਸ਼ਨ
ਇਥੇ ਦੋ ਦਿਨ ਪਹਿਲਾਂ ਥਾਣਾ ਸਮਾਲਸਰ ਨੇੜੇ ਨੌਜਵਾਨ ਕਾਂਗਰਸ ਆਗੂ ਸਤਨਾਮ ਸਿੰਘ ਪਿੰਡ ਲੰਡੇ ਕੋਲੋਂ ਵੀ 25 ਲੱਖ ਦੀ ਫ਼ਿਰੌਤੀ ਲਈ ਫੋਨ ਕਰਨ ਮਗਰੋਂ ਉਸ ਉੱਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ, ਜਿਸ ਕਰਕੇ ਉਸ ਦੀ ਕਾਰ ਨੁਕਸਾਨੀ ਗਈ ਸੀ। ਕਾਂਗਰਸ ਆਗੂ ਨੂੰ ਜਿਨ੍ਹਾਂ ਨੰਬਰਾਂ ਤੋਂ ਫੋਨ ਆਏ ਸਨ, ਉਹ ਨਵੀਨਤਮ ਤਕਨਾਲੋਜੀ ਨਾਲ ਕੀਤੇ ਗਏ ਦੱਸੇ ਜਾਂਦੇ ਹਨ ਅਤੇ ਪੁਲੀਸ ਦੇ ਸਿਰਤੋੜ ਯਤਨਾਂ ਸਦਕਾ ਵੀ ਉਨ੍ਹਾਂ ਨੂੰ ਮੋਬਾਈਲ ਦੀ ਲੋਕੇਸ਼ਨ ਨਹੀਂ ਮਿਲ ਰਹੀ।