ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 4 ਮਾਰਚ
ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਪੱਕੀ ਰਿਹਾਈ ਦਾ ਫ਼ੈਸਲਾ ਟਲਣ ਕਾਰਨ ਉਨ੍ਹਾਂ ਦੇ ਜੱਦੀ ਪਿੰਡ ਦਿਆਲਪੁਰਾ ਭਾਈਕਾ ਦੇ ਲੋਕ ਨਿਰਾਸ਼ ਹਨ। ਪਿੰਡ ਦੇ ਬਾਹਰ ਢਾਣੀ ਵਿੱਚ ਪ੍ਰੋ. ਭੁੱਲਰ ਦਾ ਜੱਦੀ ਘਰ ਹੈ। ਉਨ੍ਹਾਂ ਨੂੰ ਇੱਥੇ ਆਇਆਂ ਲਗਪਗ ਤਿੰਨ ਦਹਾਕੇ ਹੋ ਗਏ ਹਨ।
ਜ਼ਿਕਰਯੋਗ ਹੈ ਕਿ ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ ’ਚ ਵੀ ਪ੍ਰੋ. ਭੁੱਲਰ ਦੀ ਪੱਕੀ ਰਿਹਾਈ ਦਾ ਮੁੱਦਾ ਕਾਫ਼ੀ ਜ਼ੋਰ-ਸ਼ੋਰ ਨਾਲ ਉੱਠਿਆ ਸੀ। ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਪ੍ਰੋ. ਭੁੱਲਰ ਦੇ ਪਿਤਾ ਬਲਵੰਤ ਸਿੰਘ ਨੇ ਕਰੀਬ 45 ਸਾਲ ਪਹਿਲਾਂ ਪੱਟੀ ਤੋਂ ਇੱਥੇ ਆ ਕੇ ਇਹ ਘਰ ਬਣਾਇਆ ਸੀ। ਪ੍ਰੋ. ਭੁੱਲਰ ਤੇ ਉਨ੍ਹਾਂ ਦੀ ਪਤਨੀ ਬੀਬੀ ਨਵਨੀਤ ਕੌਰ ਵਿਆਹ ਤੋਂ ਬਾਅਦ ਸਿਰਫ ਇੱਕ ਵਾਰ ਹੀ ਇਸ ਘਰ ’ਚ ਇਕੱਠੇ ਆਏ। ਦੋਵੇਂ ਜਣੇ ਸਵਾ ਕੁ ਮਹੀਨਾ ਹੀ ਇੱਥੇ ਰਹੇ। ਇਸ ਤੋਂ ਬਾਅਦ ਪਰਿਵਾਰਕ ਮੈਂਬਰ ਮੁੜ ਇਕੱਠੇ ਨਾ ਹੋ ਸਕੇ। ਪਹਿਲਾਂ ਪ੍ਰੋ. ਭੁੱਲਰ ਦੀ ਮਾਤਾ ਉਪਕਾਰ ਕੌਰ ਦਿੱਲੀ ਤੋਂ ਆ ਕੇ ਕਦੇ-ਕਦਾਈਂ ਘਰ ਦੀ ਸਫ਼ਾਈ ਕਰਵਾ ਦਿੰਦੇ ਸਨ ਪਰ ਪਿਛਲੇ ਸਾਲ ਉਨ੍ਹਾਂ ਦੇ ਦੇਹਾਂਤ ਮਗਰੋਂ ਇਸ ਘਰ ਦੀ ਇਮਾਰਤ ਹੋਰ ਵੀ ਖ਼ਸਤਾ ਹਾਲ ਹੋ ਗਈ ਹੈ। ਜਿਉਂਦੇ ਜੀਅ ਮਾਤਾ ਉਪਕਾਰ ਕੌਰ ਨੂੰ ਬੜੀਆਂ ਆਸਾਂ ਸਨ ਕਿ ਘਰ ਨੂੰ ਲੱਗਾ ਜਿੰਦਰਾ ਖੁੱਲ੍ਹ ਜਾਵੇ ਤੇ ਉਨ੍ਹਾਂ ਦਾ ਪੁੱਤਰ ਰਿਹਾਅ ਹੋ ਕੇ ਇਸ ਘਰ ਵਿਚ ਪੈਰ ਪਾਵੇ ਪਰ ਉਨ੍ਹਾਂ ਦੀ ਇਹ ਆਸ ਪੂਰੀ ਨਾ ਹੋ ਸਕੀ।
ਪ੍ਰੋ. ਭੁੱਲਰ ਦੇ ਚਚੇਰੇ ਭਰਾ ਮੁਖਤਿਆਰ ਸਿੰਘ ਭੁੱਲਰ ਨੇ ਕਿਹਾ ਕਿ ਇਸ ਘਰ ਨੇ ਪਿਛਲੇ 30 ਵਰ੍ਹਿਆਂ ਤੋਂ ਦੁੱਖ ਹੀ ਵੇਖੇ ਹਨ। ਕਿਤਿਓਂ ਵੀ ਕੋਈ ਠੰਢੀ ਹਵਾ ਦਾ ਬੁੱਲਾ ਨਹੀਂ ਆਇਆ। ਪ੍ਰੋ. ਭੁੱਲਰ ਦੀ ਪਤਨੀ ਨਵਰੀਤ ਕੌਰ ਅੰਮ੍ਰਿਤਸਰ ਰਹਿ ਰਹੇ ਹਨ। ਪ੍ਰੋ. ਭੁੱਲਰ ਹੋਰੀਂ ਦੋ ਭਰਾ ਹਨ। ਛੋਟਾ ਭਰਾ ਤੇਜਿੰਦਰ ਸਿੰਘ ਵਿਦੇਸ਼ ’ਚ ਹੈ। ਉਨ੍ਹਾਂ ਦੇ ਪਰਿਵਾਰ ਕੋਲ 14 ਏਕੜ ਜ਼ਮੀਨ ਹੈ, ਜੋ ਠੇਕੇ ’ਤੇ ਦਿੱਤੀ ਹੋਈ ਹੈ। ਪਿੰਡ ਦੇ ਸਾਬਕਾ ਸਰਪੰਚ ਚਤਰ ਸਿੰਘ ਗੁੱਡ ਨੇ ਦਿੱਲੀ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਦੇਰੀ ਦੇ ਪ੍ਰੋ. ਭੁੱਲਰ ਦੀ ਪੱਕੀ ਰਿਹਾਈ ਸਬੰਧੀ ਫ਼ੈਸਲਾ ਲਵੇ।