ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 15 ਫਰਵਰੀ
ਪੰਜਾਬ ਦੇ ਉੱਘੇ ਆਲੋਚਕ, ਪ੍ਰਤੀਬੱਧ ਸਿੱਖਿਆ ਸ਼ਾਸਤਰੀ ਅਤੇ ਪ੍ਰਵਚਨ ਰਸਾਲੇ ਦੇ ਸੰਪਾਦਕ ਡਾ. ਰਜਨੀਸ਼ ਬਹਾਦਰ ਸਿੰਘ ਸਦੀਵੀ ਵਿਛੋੜਾ ਦੇ ਗਏ ਹਨ। ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਪ੍ਰੋ. ਰਜਨੀਸ਼ ਬਹਾਦਰ ਦੇ ਪਰਿਵਾਰ ਤੇ ਰਿਸ਼ਤੇਦਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਸੀਨੀਅਰ ਮੀਤ ਪ੍ਰਧਾਨ ਡਾ. ਜੋਗਾ ਸਿੰਘ ਅਤੇ ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਪ੍ਰੋ. ਰਜਨੀਸ਼ ਬਹਾਦਰ ਦੇ ਬੇਵਕਤੀ ਵਿਛੋੜੇ ਨਾਲ ਪੰਜਾਬੀ ਭਾਸ਼ਾ ਅਤੇ ਪੰਜਾਬੀ ਸਾਹਿਤ ਆਲੋਚਨਾ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਦੱਸਣਯੋਗ ਹੈ ਕਿ ਡਾ. ਰਜਨੀਸ਼ ਬਹਾਦਰ ਨੇ ਪੰਜਾਬੀ ਗਲਪ ਆਲੋਚਨਾ, ਖ਼ਾਸ ਕਰਕੇ ਪੰਜਾਬੀ ਕਹਾਣੀ ਅਤੇ ਨਾਵਲ ਅਧਿਐਨ ਵਿੱਚ ਗੌਲਣਯੋਗ ਕੰਮ ਕੀਤਾ ਹੈ। ਉਨ੍ਹਾਂ ਨੇ ‘ਪਰਬਤਾਂ ਸੰਗ ਸੰਵਾਦ’ ਨਾਮੀ ਪੁਸਤਕ ਵਿੱਚ ਯਾਤਰਾ ਸੰਸਮਰਣ ਵੀ ਲਿਖੇ। ਉਨ੍ਹਾਂ ਦੁਆਰਾ ਸੰਪਾਦਤ ਕੀਤੀਆਂ ਪੁਸਤਕਾਂ ਦੀ ਗਿਣਤੀ ਇੱਕ ਦਰਜਨ ਤੋਂ ਵੱਧ ਹੈ। ਡਾ. ਰਜਨੀਸ਼ ਪਿਛਲੇ ਦੋ ਦਹਾਕਿਆਂ ਤੋਂ ਪੰਜਾਬੀ ਦੇ ਰਸਾਲੇ ਪ੍ਰਵਚਨ ਦਾ ਲਗਾਤਾਰ ਸੰਪਾਦਨ ਕਰ ਰਹੇ ਸਨ। ਉਹ ਪੰਜਾਬ ਦੇ ਪ੍ਰਾਈਵੇਟ ਕਾਲਜ ਅਧਿਆਪਕਾਂ ਦੀ ਜਥੇਬੰਦੀ (ਪੀ.ਸੀ.ਟੀ.ਯੂ.) ਵਿੱਚ ਵੀ ਲਗਾਤਾਰ ਸਰਗਰਮ ਰਹੇ। ਉਹ ਰੋਜ਼ਾਨਾ ਨਵਾਂ ਜ਼ਮਾਨਾ ਅਖ਼ਬਾਰ ਦੇ ਟਰੱਸਟੀ ਸਨ।
ਵੱਖ-ਵੱਖ ਸ਼ਖ਼ਸੀਅਤਾਂ ਵੱਲੋਂ ਦੁੱਖ ਦਾ ਪ੍ਰਗਟਾਵਾ
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਉਘੇ ਪੰਜਾਬੀ ਆਲੋਚਕ ਡਾ. ਰਜਨੀਸ਼ ਬਹਾਦਰ ਸਿੰਘ ਦਾ ਅੱਜ ਸ਼ਾਮ ਦੇਹਾਂਤ ਹੋ ਗਿਆ। 65 ਵਰ੍ਹਿਆਂ ਦੇ ਪ੍ਰੋਫੈਸਰ ਰਜਨੀਸ਼ ਬਹਾਦਰ ਪਿਛਲੇ ਕੁਝ ਦਿਨਾਂ ਤੋਂ ਦਿਲ ਅਤੇ ਫੇਫੜਿਆਂ ਦੀ ਬਿਮਾਰੀ ਕਾਰਨ ਦਿੱਲੀ ਦੇ ਇਕ ਹਸਪਾਤਲ ਵਿਚ ਦਾਖ਼ਲ ਸਨ, ਜਿਥੇ ਉਨ੍ਹਾਂ ਨੇ ਆਖ਼ਰੀ ਸਾਹ ਲਏ। ਉਨ੍ਹਾਂ ਦਾ ਸਸਕਾਰ ਭਲਕੇ 16 ਫਰਵਰੀ ਨੂੰ ਉਨ੍ਹਾਂ ਦੇ ਜੱਦੀ ਪਿੰਡ ਛੋਟੀ ਮਜਾਲ (ਨੇੜੇ ਪਟਿਆਲਾ) ਵਿੱਚ ਕੀਤਾ ਜਾਵੇਗਾ। ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਅਤੇ ਹੋਰਨਾਂ ਨੇ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ।