ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 23 ਅਕਤੂਬਰ
ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਹੋਰਨਾਂ ਸਾਹਿਤਕ ਸਭਾਵਾਂ ਦੇ ਲੇਖਕਾਂ ਨੇ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਵਲੋਂ ਪੰਜਾਬੀ ਭਾਸ਼ਾ ਨੂੰ ਮਾਈਨਰ (ਨਿਗੂਣੀ) ਵਿਸ਼ੇ ਵਿਚ ਰੱਖਣ ਦੇ ਫੈਸਲੇ ਦੀ ਸਖ਼ਤ ਨਿਖੇਧੀ ਕੀਤੀ ਹੈ। ਕੇਂਦਰੀ ਸਭਾ ਦੇ ਸਕੱਤਰ ਕਥਾਕਾਰ ਦੀਪ ਦੇਵਿੰਦਰ ਸਿੰਘ ਦੀ ਅਗਵਾਈ ਵਿਚ ਹੋਈ ਇਕੱਤਰਤਾ ਮੌਕੇ ਹਾਜ਼ਰ ਲੇਖਕਾਂ ਨੇ ਇਸ ਫੈਸਲੇ ਨੂੰ ਅਜੋਕੀ ਨੌਜਵਾਨ ਪੀੜ੍ਹੀ ਦੇ ਪੰਜਾਬੀ ਪੜ੍ਹਨ ਲਿਖਣ ਦੇ ਅਧਿਕਾਰਾਂ ਦੇ ਉਲਟ ਦੱਸਦਿਆਂ ਕਿਹਾ ਕਿ ਭਾਰਤ ਅੰਦਰ ਭਾਰਤੀ ਭਾਸ਼ਾਵਾਂ ਨੂੰ ਪੜ੍ਹਨ ਲਿਖਣ ਦੇ ਮਾਮਲੇ ਵਿੱਚ ਹਮੇਸ਼ਾਂ ਅਣਗੌਲਿਆ ਕੀਤਾ ਜਾਂਦਾ ਹੈ ਅਤੇ ਇਸੇ ਦਾ ਹੀ ਸਿੱਟਾ ਹੈ ਕਿ ਇਥੇ ਭਾਸ਼ਾ ਅਤੇ ਸਿੱਖਿਆ ਪ੍ਰਤੀ ਫੈਸਲੇ ਭਾਸ਼ਾ ਵਿਗਿਆਨੀਆਂ ਵਲੋਂ ਕਰਨ ਦੀ ਬਜਾਏ ਰਾਜਨੀਤਕ ਧਿਰਾਂ ਕਰਦੀਆਂ ਹਨ। ਸ਼ਾਇਰ ਮਲਵਿੰਦਰ, ਹਰਜੀਤ ਸੰਧੂ, ਸ਼ੈਲਿੰਦਰਜੀਤ ਰਾਜਨ, ਹਰਪਾਲ ਨਾਗਰਾ, ਜਗਤਾਰ ਗਿੱਲ, ਸਰਬਜੀਤ ਸਿੰਘ ਸੰਧੂ ਅਤੇ ਗੀਤਕਾਰ ਮਖਣ ਭੈਣੀਵਾਲਾ ਆਦਿ ਸਾਹਿਤਕਾਰਾਂ ਨੇ ਮੰਗ ਕੀਤੀ ਕਿ ਸਿੱਖਿਆ ਨੂੰ ਤੁਰੰਤ ਪੂਰੀ ਤਰ੍ਹਾਂ ਮਾਤ ਭਾਸ਼ਾਵਾਂ ਆਧਾਰਿਤ ਬਣਾਇਆ ਜਾਵੇ। ਇਸ ਮੌਕੇ ਹਾਜ਼ਰ ਸਾਹਿਤਕਾਰਾਂ ਨੇ ਸੀਬੀਐੱਸਈ ਦੇ ਇਸ ਫੈਸਲੇ ਖ਼ਿਲਾਫ਼ ਲਾਮਬੰਦ ਹੋਣ ’ਤੇ ਜ਼ੋਰ ਦਿੰਦਿਆਂ ਕੇਂਦਰ ਨੂੰ ਫ਼ੈਸਲਾ ਵਾਪਸ ਲੈਣ ਦੀ ਅਪੀਲ ਵੀ ਕੀਤੀ।