ਰਾਕੇਸ਼ ਸੈਣੀ
ਨੰਗਲ, 8 ਅਕਤੂਬਰ
ਅੱਜ ਆਮ ਆਦਮੀ ਪਾਰਟੀ ਦੇ ਕਈ ਵਰਕਰਾਂ ਵੱਲੋਂ ਡਾ. ਸੰਜੀਵ ਗੋਤਮ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦੇ ਅਦਾਰੇ ਪੀਏਸੀਐੱਲ ਦੇ ਨਿੱਜੀਕਰਨ ਵਿਰੁੱਧ ਸ਼ਾਤੀਪੂਰਵਕ ਰੋਸ ਪ੍ਰਰਦਸ਼ਨ ਕੀਤਾ ਗਿਆ।
ਪੀਏਸੀਐੱਲ ਫੈਕਟਰੀ ਦੇ ਗੇਟ ਬਾਹਰ ਰੋਸ ਪ੍ਰਦਰਸ਼ਨ ਕਰਦਿਆਂ ਹੋਏ ਡਾ. ਸੰਜੀਵ ਗੋਤਮ ਨੇ ਕਿਹਾ ਕਿ ਇਹ ਬੜੇ ਹੀ ਦੁੱਖ ਦੀ ਗੱਲ ਹੈ ਕਿ ਘਰ ਘਰ ਰੁਜ਼ਗਾਰ ਦਾ ਵਾਅਦਾ ਕਰ ਕੇ ਸੱਤਾ ਵਿਚ ਆਈ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਉਸ ਅਹਿਮ ਸਰਕਾਰੀ ਅਦਾਰੇ ਨੂੰ ਵੇਚਣ ਜਾ ਰਹੀ ਹੈ, ਜਿਹੜਾ ਇਲਾਕੇ ਦੀ ਲਾਈਫ ਲਾਈਨ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਮੁਲਾਜ਼ਮਾਂ ਤੋਂ ਇਲਾਵਾ ਵੱਡੀ ਗਿਣਤੀ ’ਚ ਟਰੱਕ ਤੇ ਟੈਂਕਰ ਚਾਲਕ ਦੀ ਰੋਜ਼ੀ ਰੋਟੀ ਵੀ ਇਸ ਫੈਕਟਰੀ ’ਤੇ ਨਿਰਭਰ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕਿਸਾਨ ਅੰਦੋਲਨ ਦੀ ਅਗਵਾਈ ਕਰਨ ਵਾਲੀ ਕੈਪਟਨ ਸਰਕਾਰ ਨੇ ਅਦਾਰੇ ਦੇ ਕੁਝ ਟਰੇਡ ਯੂਨੀਅਨ ਆਗੂਆਂ ਨੂੰ ਕਥਿਤ ਤੌਰ ’ਤੇ ਗੁਜਰਾਤ ਬਦਲ ਦਿੱਤਾ ਹੈ ਕਿਉਂਕਿ ਉਹ ਮਜ਼ਦੂਰਾਂ ਅਤੇ ਮੁਲਾਜ਼ਮਾਂ ਦੀ ਅਗਵਾਈ ਕਰ ਰਹੇ ਸਨ। ਡਾ. ਗੌਤਮ ਨੇ ਇਲਾਕੇ ਪ੍ਰਸਿੱਧ ਭਾਜਪਾ ਆਗੂ ਅਤੇ ਕਾਂਗਰਸੀ ਆਗੂ ’ਤੇ ਵੀ ਗੰਭੀਰ ਦੋਸ਼ ਲਗਾਏ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਵੱਲੋ ਕਥਿਤ ਤੌਰ ’ਤੇ ਇਸ ਕੰਪਨੀ ਦੇ ਸ਼ੇਅਰ ਆਪਣੇ ਚਹੇਤਿਆਂ ਨੂੰ ਵੇਚੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਫੈਕਟਰੀ ਦੇ ਨਿੱਜੀਕਰਨ ਹੋਣ ਨਾਲ ਸਮੂਹ ਮੁਲ਼ਾਜ਼ਮ ਵਰਗ ਨੂੰ ਨੁਕਸਾਨ ਹੋਵੇਗਾ। ਡਾ. ਗੌਤਮ ਨੇ ਕਿਹਾ ਕਿ ਭਾਖੜਾ ਬਿਆਸ ਪ੍ਰਬੰਧ ਬੋਰਡ ਅਤੇ ਐੱਨ ਐੱਫ ਐੱਲ ਵਿਚ ਨਿਰੰਤਰ ਮੁਲਾਜ਼ਮ ਘੱਟਦੇ ਜਾ ਰਹੇ ਹਨ ਅਤੇ ਜੇਕਰ ਪੀਏਸੀਐੱਲ ਦਾ ਨਿੱਜੀਕਰਨ ਹੁੰਦਾ ਹੈ ਤਾਂ ਨੰਗਲ ਦਾ ਉਜਾੜਾ ਪੈ ਜਾਵੇਗਾ। ਇਸ ਮੌਕੇ ’ਤੇ ਸਾਬਕਾ ਬੀ.ਪੀ.ਈ.ਓ ਹਰਦਿਆਲ ਸਿੰਘ, ਬਾਬੂ ਚਮਨ ਲਾਲ, ਐਡਵੋਕੇਟ ਨੀਰਜ ਸ਼ਰਮਾ, ਸੰਜੇ ਦੁਰੇਜਾ, ਤਰੁਣ ਸ਼ਰਮਾ, ਸ਼ਾਮ ਦੇਵ ਤਲਵਾੜਾ, ਦੱਤ ਕੁਮਾਰ ਕਲਿੱਤਰਾ, ਸੋਹਣ ਸਿੰਘ, ਸੁੱਚਾ ਸਿੰਘ ਦਬਖੇੜਾ, ਹਰਮਿੰਦਰ ਸਿੰਘ ਢਾਂਹੇ, ਅਮਰਜੀਤ ਸਿੰਘ, ਬੂਟਾ ਸਿੰਘ, ਰਵਿੰਦਰ ਸਿੰਘ, ਜਰਨੈਲ ਸਿੰਘ ਆਦਿ ਹਾਜ਼ਰ ਸਨ।