ਰਾਮ ਸ਼ਰਨ ਸੂਦ
ਅਮਲੋਹ, 8 ਸਤੰਬਰ
ਮਾਧਵ ਕੇੇ.ਆਰ.ਜੀ ਲਿਮਟਿਡ ਖਿਲਾਫ਼ ਅੱਜ ਅਮਲੋਹ-ਨਾਭਾ ਮੁੱਖ ਮਾਰਗ ਉੱਪਰ ਪਿੰਡ ਅਕਾਲਗੜ੍ਹ ਨੇੜੇ ਕਿਸਾਨ ਜਥੇਬੰਦੀਆਂ ਅਤੇ ਇਲਾਕੇ ਦੀਆਂ ਪੰਚਾਇਤਾਂ ਵੱਲੋਂ ਧਰਨਾ ਦੇ ਕੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਫ਼ੈਕਟਰੀ ਵੱਲੋਂ ਨਵੇਂ ਲਗਾਏ ਜਾ ਰਹੇ ਪਲਾਂਟ ਅਤੇ ਪਰਾਲੀ ਦੇ ਡੰਪ ਦੇ ਕੰਮ ਨੂੰ ਤੁਰੰਤ ਰੋਕਿਆ ਜਾਵੇ ਕਿਉਂਕਿ ਇਸ ਦੇ ਨਾਲ ਪ੍ਰਦੂਸ਼ਣ ਪੈਦਾ ਹੋਵੇਗਾ ਅਤੇ ਮਾਈਨਿੰਗ ਹੋਣ ਨਾਲ ਮਿੱਲਾਂ ਦਾ ਗੰਦਾ ਪਾਣੀ ਕਾਫ਼ੀ ਡੂੰਘੇ ਟੋਏ ਪੁੱਟ ਕੇ ਅਤੇ ਬੋਰ ਕਰਕੇ ਧਰਤੀ ਅੰਦਰ ਜਾਣ ਨਾਲ ਇਲਾਕੇ ਵਿਚ ਭਿਆਨਕ ਬਿਮਾਰੀਆਂ ਫ਼ੈਲਣ ਦਾ ਖ਼ਤਰਾ ਬਣ ਜਾਵੇਗਾ। ਇਸ ਮੌਕੇ ਬੁਲਾਰਿਆਂ ਨੇ ਦੋਸ਼ ਲਾਇਆ ਕਿ ਇਸ ਫ਼ੈਕਟਰੀ ਦੇ ਧੂੰਏ ਕਾਰਨ 2 ਦਰਜਨ ਦੇ ਕਰੀਬ ਪਿੰਡ ਪ੍ਰਭਾਵਿਤ ਹੋ ਰਹੇ ਹਨ ਅਤੇ ਪਿੰਡਾਂ ਦੇ ਲੋਕ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਜਦੋਂਕਿ ਨਵੇਂ ਪਲਾਂਟ ਚਾਲੂ ਹੋਣ ਨਾਲ ਲੋਕਾਂ ਲਈ ਹੋਰ ਵੱਡੀ ਖ਼ਤਰੇ ਦੀ ਘੰਟੀ ਬਣ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਫ਼ੈਕਟਰੀ ਦਾ ਗੰਦਾ ਪਾਣੀ ਧਰਤੀ ਵਿਚ ਹੀ ਸੁੱਟਿਆ ਜਾ ਰਿਹਾ ਹੈ, ਜਿਸ ਕਾਰਨ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਲੋਕ ਸ਼ਿਕਾਰ ਹੋ ਰਹੇ ਹਨ ਅਤੇ ਲੋਕਾਂ ਦੇ ਘਰਾਂ ਵਿਚ ਲੱਗੀਆਂ ਪਾਣੀ ਦੀਆਂ ਮੋਟਰਾਂ ਵਿਚ ਕਾਲਾ ਪਾਣੀ ਅਤੇ ਚਿੱਟੇ ਤਿਣਕੇ ਨਿਕਲ ਰਹੇ ਹਨ। ਉਨ੍ਹਾਂ ਕਿਹਾ ਕਿ ਫ਼ੈਕਟਰੀ ਮਾਲਕਾਂ ਨੇ ਨਵਾਂ ਪ੍ਰਾਜੈਕਟ ਸ਼ੁਰੂ ਕੀਤਾ ਹੈ ਅਤੇ ਚਾਰਦੀਵਾਰੀ ਕਰਨ ਤੋਂ ਬਾਅਦ ਵੱਡੇ-ਵੱਡੇ ਟੋਏ ਜਿਨ੍ਹਾਂ ਦੀ ਚੌੜਾਈ ਕਰੀਬ 1 ਏਕੜ ਤੋਂ ਜ਼ਿਆਦਾ ਅਤੇ ਡੂੰਘਾਈ 80 ਫੁੱਟ ਦੇ ਕਰੀਬ ਹੈ, ਬਣਾਏ ਗਏ ਹਨ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਮਿੱਲ ਦੇ ਸਾਰੇ ਵਾਹਨ ਬਾਹਰ ਸੜਕ ਉੱਪਰ ਹੀ ਖੜਾਏ ਜਾਂਦੇ ਹਨ ਅਤੇ ਲੋਹੇ ਦੀ ਰਹਿੰਦ-ਖੂਹਿੰਦ ਵੀ ਸੜਕ ਨੇੜੇ ਹੀ ਢੇਰੀ ਕੀਤੀ ਜਾਂਦੀ ਹੈ, ਜਿਸ ਨਾਲ ਆਵਾਜਾਈ ਵੀ ਪ੍ਰਭਾਵਿਤ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਜ਼ਿੰਕ ਪਲਾਂਟ ਕਾਰਨ ਲੋਕਾਂ ਨੂੰ ਸਾਹ ਲੈਣ ਵਿਚ ਵੀ ਦਿੱਕਤ ਆ ਰਹੀ ਹੈ। ਇਸ ਧਰਨੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਅਮਲੋਹ ਹਲਕੇ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ, ਗੁਰਦੇਵ ਸਿੰਘ ਸਰਪੰਚ ਅਕਾਲਗੜ੍ਹ, ਜੱਗੀ ਸਿੰਘ ਬੜੈਚਾਂ, ਜੋਗਾ ਸਿੰਘ ਸਰਪੰਚ ਭੱਦਲਥੂਹਾ, ਜਰਨੈਲ ਸਿੰਘ ਸਾਬਕਾ ਸਰਪੰਚ ਅਕਾਲਗੜ੍ਹ, ਆਦਿ ਹਾਜ਼ਰ ਸਨ। ਇਸ ਸਬੰਧੀ ਜਦੋਂ ਮਾਧਵ ਮਿੱਲ ਦੇ ਐਚ.ਆਰ ਵਿਭਾਗ ਦੇ ਜਨਰਲ ਮੈਨੇਜਰ ਵਿਜੈ ਮੋਹਨ ਨਾਲ ਸੰਪਰਕ ਕੀਤਾ ਤਾਂ ਉਸ ਨੇ ਸਾਰੇ ਦੋਸ਼ਾਂ ਨੂੰ ਗ਼ਲਤ ਦੱਸਿਆ। ਉਨ੍ਹਾਂ ਕਿਹਾ ਕਿ ਗੰਦੇ ਪਾਣੀ ਨੂੰ ਜ਼ਮੀਨ ਵਿਚ ਨਹੀਂ ਛੱਡਿਆ ਜਾ ਰਿਹਾ। ਇਸੇ ਦੌਰਾਨ ਨਾਇਬ ਤਹਿਸੀਲਦਾਰ ਨੇ ਵੀ ਮੌਕੇ ’ਤੇ ਜਾ ਕੇ ਜਾਇਜ਼ਾ ਲਿਆ।