ਕੁਲਦੀਪ ਸਿੰਘ
ਚੰਡੀਗੜ੍ਹ, 25 ਅਕਤੂਬਰ
ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਵਿੱਚੋਂ ਸੇਵਾਮੁਕਤੀ ਉਪਰੰਤ ਪੂਰੇ ਫੰਡ ਨਾ ਮਿਲਣ ਕਾਰਨ ਮੁਲਾਜ਼ਮਾਂ ਵਿੱਚ ਕਾਫ਼ੀ ਰੋਸ ਹੈ। ਜਾਣਕਾਰੀ ਮੁਤਾਬਕ ਸੇਵਾਮੁਕਤ ਮੁਲਾਜ਼ਮਾਂ ਨੂੰ 80 ਫੀਸਦ ਫੰਡ ਦਿੱਤੇ ਜਾ ਰਹੇ ਹਨ ਅਤੇ 20 ਫੀਸਦ ਕਟੌਤੀ ਕੀਤੀ ਜਾ ਰਹੀ ਹੈ। ਸੇਵਾਮੁਕਤ ਹੋਏ ਮੁਲਾਜ਼ਮਾਂ ਨੇ ਕਿਹਾ ਕਿ ਉਨ੍ਹਾਂ ਨੂੰ ਲੰਮੇ ਸਮੇਂ ਤੋਂ ਲੀਵ-ਇਨਕੈਸ਼ਮੈਂਟ, ਗ੍ਰੈਚੁਟੀ ਅਤੇ ਸੀਪੀਐੱਫ ਦੀਆਂ ਅਦਾਇਗੀਆਂ ਨਹੀਂ ਕੀਤੀਆਂ ਜਾ ਰਹੀਆਂ, ਜਿਸ ਕਾਰਨ ਉਨ੍ਹਾਂ ਦਾ ਵਿੱਤੀ ਨੁਕਸਾਨ ਹੋ ਰਿਹਾ ਹੈ।
ਜਥੇਬੰਦੀ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਬੇਲੂਮਾਜਰਾ, ਗੁਰਦੀਪ ਸਿੰਘ ਬਰਾੜ, ਗੁਰਵਿੰਦਰ ਸਿੰਘ ਖਮਾਣੋਂ ਤੇ ਸੁਖਚੈਨ ਸਿੰਘ ਬਠਿੰਡਾ ਨੇ ਕਿਹਾ ਕਿ ਮੰਗ ਪੱਤਰ ਵਿੱਚ ਦਰਜ ਮੰਗਾਂ ਨੂੰ ਲੈ ਕੇ ਅਧਿਕਾਰੀ ਲਗਾਤਾਰ ਟਾਲ ਮਟੋਲ ਕਰ ਰਹੇ ਹਨ। ਪਹਿਲੀਆਂ ਮੀਟਿੰਗਾਂ ਵਿੱਚ ਹੋਏ ਫ਼ੈਸਲਿਆਂ ਨੂੰ ਵੀ ਲਾਗੂ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਵੱਖ-ਵੱਖ ਮੁਲਾਜ਼ਮ ਮੰਗਾਂ ਨੂੰ ਲੈ ਕੇ ਪੀ.ਡਬਲਿਊ.ਡੀ. ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦੀ ਮੁੱਖ ਇੰਜਨੀਅਰ-ਕਮ-ਤਕਨੀਕੀ ਅਫ਼ਸਰ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਚੰਡੀਗੜ੍ਹ ਨਾਲ ਦੋ ਦਿਨ ਪਹਿਲਾਂ ਮੀਟਿੰਗ ਹੋਈ ਸੀ, ਪਰ ਮੀਟਿੰਗ ’ਚ ਮੰਗਾਂ ਦਾ ਕੋਈ ਠੋਸ ਹੱਲ ਨਹੀਂ ਕੱਢਿਆ ਗਿਆ। ਇਸ ਦੌਰਾਨ ਯੂਨੀਅਨ ਦੇ ਆਗੂ ਕਿਸ਼ੋਰ ਚੰਦ ਗਾਜ, ਰਣਬੀਰ ਟੂਸੇ ਤੇ ਕੁਲਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਸਾਰੇ ਬਕਾਏ ਵਿਆਜ ਸਣੇ ਲੈਣ ਅਤੇ ਹੋਰ ਮੰਗਾਂ ਦੇ ਨਬਿੇੜੇ ਲਈ ਜਥੇਬੰਦੀ ਵੱਲੋਂ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਮੁਖੀ ਖ਼ਿਲਾਫ਼ 11 ਨਵੰਬਰ ਨੂੰ ਚੰਡੀਗੜ੍ਹ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਜਾਵੇਗਾ।