ਮਹਿੰਦਰ ਸਿੰਘ ਰੱਤੀਆਂ
ਮੋਗਾ, 26 ਦਸੰਬਰ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ‘ਪੁਲੀਸ ਦੀਆਂ ਪੈਂਟਾਂ ਗਿੱਲੀਆਂ ਹੋਣ’ ਵਾਲੇ ਵਿਵਾਦਤ ਬਿਆਨ ਕਾਰਨ ਪੁਲੀਸ ਵਿਭਾਗ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਵਿਚ ਕਾਫੀ ਗੁੱਸਾ ਪਾਇਆ ਜਾ ਰਿਹਾ ਹੈ। ਇਸ ਸਬੰਧੀ ਚੰਡੀਗੜ੍ਹ ਪੁਲੀਸ ਦੇ ਇਕ ਡੀਐੱਸਪੀ ਨੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਸਿੱਧੂ ਨੂੰ ਮੋੜਵਾਂ ਜਵਾਬ ਦਿੱਤਾ ਹੈ। ਡੀਐੱਸਪੀ ਦੀ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ।
ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਨੇ ਦੋ ਦਿਨ ਪਹਿਲਾਂ ਇੱਕ ਕਾਂਗਰਸੀ ਵਿਧਾਇਕ ਦੇ ਹੱਕ ਅਤੇ ਹਮਾਇਤ ਵਿਚ ਆਉਂਦਿਆਂ ਜੋਸ਼-ਜੋਸ਼ ਵਿਚ ਕਹਿ ਦਿੱਤਾ ਸੀ, ‘‘ਜੇਕਰ ਚੀਮਾ ਇੱਕ ਦਬਕਾ ਮਾਰ ਦੇਵੇ ਤਾਂ ਪੁਲੀਸ ਅਧਿਕਾਰੀਆਂ ਦੀਆਂ ਪੈਂਟਾਂ ਗਿੱਲੀਆਂ ਹੋ ਜਾਣ।’’ ਇਸ ਦਾ ਮੋੜਵਾਂ ਜਵਾਬ ਦਿੰਦਿਆਂ ਚੰਡੀਗੜ੍ਹ ਪੁਲੀਸ ਦੇ ਡੀਐੱਸਪੀ ਦਿਲਸ਼ੇਰ ਸਿੰਘ ਚੰਦੇਲ ਨੇ ਸਭ ਤੋਂ ਪਹਿਲਾਂ ਆਪਣੇ ਸ਼ਾਇਰੀ ਵਾਲੇ ਅੰਦਾਜ਼ ਵਿੱਚ ਕਿਹਾ, ‘‘ਸਿਆਸਤ ਦੇ ਰੰਗਾਂ ਵਿਚ ਐਨਾ ਨਾ ਡੁੱਬੋ ਕਿ ਸ਼ੂਰਬੀਰਾਂ ਦੀ ਸ਼ਹਾਦਤ ਯਾਦ ਨਾ ਆਵੇ, ਜ਼ੁਬਾਨ ਦਾ ਵਾਅਦਾ ਯਾਦ ਰੱਖੋ, ਜ਼ੁਬਾਨ ਦੇ ਬੋਲ ਯਾਦ ਰੱਖੋ।’’ ਉਨ੍ਹਾਂ ਕਿਹਾ, ‘‘ਪੁਲੀਸ ਦੀ ਜ਼ਮੀਰ ਵੀ ਹੈ ਅਤੇ ਸਤਿਕਾਰ ਵੀ। ਇਸ ਨੂੰ ਕਾਇਮ ਰੱਖਣਾ ਸਾਡੀ ਜ਼ਿੰਮੇਵਾਰੀ ਹੈ। ਮੈਂ ਸਿੱਧੂ ਦਾ ਧੰਨਵਾਦ ਕਰਦਾ ਹਾਂ ਕਿ ਉਸ ਨੇ ਪੂਰੀ ਪੁਲੀਸ ਫੋਰਸ ਨੂੰ ਸ਼ਰਮਸਾਰ ਕਰ ਦਿੱਤਾ ਹੈ।’’
ਚੰਡੀਗੜ੍ਹ ਪੁਲੀਸ ਦੇ ਇਸ ਅਧਿਕਾਰੀ ਦੀ ਵਾਇਰਲ ਹੋਈ ਲਾਈਵ ਵੀਡੀਓ ਵਿੱਚ ਅਧਿਕਾਰੀ ਨੇ ਕਿਹਾ ਕਿ ਸਿੱਧੂ ਨੇ ਇੱਕ ਜਨਤਕ ਮੀਟਿੰਗ ਵਿੱਚ “ਪੁਲੀਸ ਵਾਲਿਆਂ ਦੀਆਂ ਪੈਂਟਾਂ ਗਿੱਲੀਆਂ ਹੋ ਜਾਣ’’ ਵਾਲੀ ਗੱਲ ਆਖ ਕੇ ਪੁਲੀਸ ਦਾ ਮਜ਼ਾਕ ਉਡਾਇਆ ਹੈ ਅਤੇ ਫੋਰਸਾਂ ਦਾ ਮਨੋਬਲ ਡੇਗਿਆ ਹੈ।’’ ਡੀਐੱਸਪੀ ਨੇ ਕਿਹਾ, ‘‘ਸਿਆਸਤਦਾਨਾਂ ਨੂੰ ਸੁਰੱਖਿਆ ਬਲਾਂ ਦੀਆਂ ਕੁਰਬਾਨੀਆਂ ਨੂੰ ਨਹੀਂ ਭੁੱਲਣਾ ਚਾਹੀਦਾ। ਉਹ ਸਿਰਫ ਆਪਣਾ ਫ਼ਰਜ਼ ਨਿਭਾਅ ਰਹੇ ਹਨ ਅਤੇ ਸਿਆਸਤਦਾਨਾਂ ਨੂੰ ਅਜਿਹੇ ਬਿਆਨ ਦੇ ਕੇ ਉਨ੍ਹਾਂ ਦਾ ਮਨੋਬਲ ਨਹੀਂ ਡੇਗਣਾ ਚਾਹੀਦਾ। ਸੁਰੱਖਿਆ ਬਲਾਂ ਦਾ ਆਪਣਾ ਮਾਣ ਹੈ। ਸਿੱਧੂ ਨੇ ਅਜਿਹੇ ਸ਼ਰਮਨਾਕ ਬਿਆਨ ਦੇ ਕੇ ਪੂਰੀ ਪੰਜਾਬ ਪੁਲੀਸ ਨੂੰ ਬਦਨਾਮ ਕੀਤਾ ਹੈ।’’
ਡੀਐੱਸਪੀ ਨੇ ਵੀਡੀਓ ਵਿੱਚ ਕਿਹਾ, ‘‘ਪੁਲੀਸ ਮੁਲਾਜ਼ਮਾਂ ਕਾਰਨ ਲੋਕ ਜਨਤਕ ਤੌਰ ’ਤੇ ਸਿਆਸੀ ਆਗੂਆਂ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹਨ।’’ ਸਿੱਧੂ ਨੂੰ ਸੁਰੱਖਿਆ ਛੱਡਣ ਦੀ ਚੁਣੌਤੀ ਦਿੰਦੇ ਹੋਏ ਪੁਲੀਸ ਅਧਿਕਾਰੀ ਨੇ ਕਿਹਾ, ‘‘ਪੁਲੀਸ ਤੋਂ ਬਿਨਾ ਤਾਂ ਕੋਈ ਰਿਕਸ਼ਾ ਚਾਲਕ ਵੀ ਸਿਆਸਤਦਾਨਾਂ ਦੀ ਗੱਲ ਨਹੀਂ ਸੁਣੇਗਾ। ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਸੀਨੀਅਰ ਆਗੂ ਅਜਿਹੇ ਸ਼ਬਦ ਕਹਿ ਕੇ ਫੋਰਸ ਦਾ ਅਪਮਾਨ ਕਰਦੇ ਹਨ। ਇਹੀ ਫੋਰਸ ਉਸ ਦੇ ਪਰਿਵਾਰ ਸਮੇਤ ਉਸ ਦੀ ਰੱਖਿਆ ਕਰਦੀ ਹੈ।’’