ਸਰਬਜੀਤ ਸਿੰਘ ਭੰਗੂ
ਪਟਿਆਲਾ, 10 ਅਕਤੂਬਰ
ਕੈਬਨਿਟ ਮੰਤਰੀ ਸੂਬਾ ਸਿੰਘ ਸਰਾਰੀ ਦੀ ਬਰਖਾਸਤਗੀ ਦੀ ਮੰਗ ਨੂੰ ਲੈ ਕੇ ਕਾਂਗਰਸ ਵੱਲੋਂ ਅੱਜ ਪਟਿਆਲਾ ਵਿੱਚ ਧਰਨਾ ਦਿੱਤਾ ਗਿਆ ਜਿਸ ਦੌਰਾਨ ਵਿਸ਼ੇਸ਼ ਤੌਰ ’ਤੇ ਪੁੱਜੇ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਐਲਾਨ ਕੀਤਾ ਕਿ ਜੇਕਰ ਇਕ ਹਫ਼ਤੇ ਅੰਦਰ ਸਰਾਰੀ ਖ਼ਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਇਸ ਤੋਂ ਬਾਅਦ ਪੰਜਾਬ ਕਾਂਗਰਸ ਸੂਬਾ ਪੱਧਰ ’ਤੇ ਧਰਨੇ ਦਾ ਪ੍ਰੋਗਰਾਮ ਉਲੀਕੇਗੀ। ਉਨ੍ਹਾਂ ਦੁਹਰਾਇਆ ਕਿ ਸੰਸਦ ਮੈਬਰ ਪਰਨੀਤ ਕੌਰ ਕਾਂਗਰਸ ਦਾ ਹਿੱਸਾ ਨਹੀਂ ਹਨ ਤੇ ਹੀ ਮੋਤੀ ਮਹਿਲ ਦੇ ਕਿਸੇ ਮੈਂਬਰ ਨੂੰ ਕਾਗਰਸ ਦਾ ਹਿੱਸਾ ਬਣਨ ਦਿੱਤਾ ਜਾਵੇਗਾ।
ਇਸ ਮੌਕੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਸਾਬਕਾ ਵਿਧਾਇਕ ਹਰਦਿਆਲ ਕੰਬੋਜ, ਸਨੌਰ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਹੈਰੀਮਾਨ, ਪਟਿਆਲਾ ਸ਼ਹਿਰੀ ਹਲਕੇ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਤੇ ਸਾਬਕਾ ਮੇਅਰ ਵਿਸ਼ਨੂੰ ਸ਼ਰਮਾ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਊਟਸਰ, ਮਹੰਤ ਹਰਵਿੰਦਰ ਖਨੌੜਾ, ਸਾਬਕਾ ਚੇਅਰਪਰਸਨ ਗੁਰਸ਼ਰਨ ਕੌਰ ਰੰਧਾਵਾ, ਅਵਤਾਰ ਬਠੋਈ, ਸੇਵਕ ਝਿੱਲ, ਅਨਵਰੀ ਸਿੰਘ ਬੌਬੀ ਵੀ ਮੌਜੂਦ ਸਨ।