ਰਾਕੇਸ਼ ਸੈਣੀ
ਨੰਗਲ, 17 ਦਸੰੰਬਰ
ਨਗਰ ਕੌਂਸਲ ਨੰਗਲ ਦੇ ਸਮੂਹ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਨਗਰ ਕੌਂਸਲ ਨੰਗਲ ਦੇ ਗੇਟ ਅੱਗੇ ਰੋਸ ਧਰਨਾ ਲਗਾ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਮੁਲਾਜ਼ਮ ਆਗੂ ਕੁਸ਼ਲ ਕੁਮਾਰ, ਸੁਨੀਲ ਕੁਮਾਰ ਅਤੇ ਅਸ਼ੀਸ਼ ਕਾਲੀਆ ਨੇ ਕਿਹਾ ਕਿ ਉਨ੍ਹਾਂ ਨੂੰ ਕੌਂਸਲ ਪ੍ਰਧਾਨ ਸੰਜੇ ਸਾਹਨੀ ਅਤੇ ਉਪ ਪ੍ਰਧਾਨ ਅਨੀਤਾ ਸ਼ਰਮਾ ਨੇ ਵਿਸ਼ਵਾਸ਼ ਦਿਵਾਇਆ ਸੀ ਕਿ ਠੇਕੇਦਾਰੀ ਪ੍ਰਥਾ ਤਹਿਤ ਕੰਮ ਕਰਨ ਵਾਲੇ ਸਫ਼ਾਈ ਸੇਵਕਾਂ ਨੂੰ 12 ਦਸੰਬਰ ਨੂੰ ਕੰਟਰੈਕਟ ਪੱਤਰ ਜਾਰੀ ਕਰਵਾ ਦਿੱਤੇ ਜਾਣਗੇ ਪਰ ਹਾਲੇ ਤੱਕ ਪੱਤਰ ਜਾਰੀ ਨਹੀ ਕਰਵਾਏ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਅੱਜ ਸਫ਼ਾਈ ਮੁਲਾਜ਼ਮਾਂ ਨੂੰ ਪੱਤਰ ਜਾਰੀ ਨਹੀ ਕਰਵਾਏ ਗਏ ਤਾਂ ਸੋਮਵਾਰ ਤੋਂ ਸਮੂਹ ਮੁਲਾਜ਼ਮ ਨੰਗਲ ਅਤੇ ਨਵਾਂ ਨੰਗਲ ਵਿੱਚ ਕੰਮ ਠੱਪ ਕਰਕੇ ਹੜਤਾਲ ’ਤੇ ਬੈਠ ਜਾਣਗੇ। ਦੂਜੇ ਪਾਸੇ ਇਸ ਸਬੰਧ ਵਿੱਚ ਨਗਰ ਕੌਂਸਲ ਪ੍ਰਧਾਨ ਸੰਜੇ ਸਾਹਨੀ ਨੇ ਕਿਹਾ ਕਿ ਛੁੱਟੀਆਂ ਕਾਰਨ ਇਨ੍ਹਾਂ ਮੁਲਾਜ਼ਮਾਂ ਨੂੰ ਪੱਤਰ ਜਾਰੀ ਕਰਨ ਵਿੱਚ ਦੇਰੀ ਹੋਈ ਹੈ ਅਤੇ ਇਕ ਦੋ ਦਿਨਾਂ ’ਚ ਪੱਤਰ ਜਾਰੀ ਕਰ ਦਿੱੱਤੇ ਜਾਣਗੇ।