ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 26 ਅਕਤੂਬਰ
ਪੁਲੀਸ ਥਾਣਾ ਧਾਰੀਵਾਲ ਸਾਹਮਣੇ ਲੰਘਦੇ ਸ਼ਹਿਰ ਦੇ ਮੁੱਖ ਮਾਰਗ ਦੀ ਖਸਤਾ ਹਾਲਤ ਨੂੰ ਲੈ ਕੇ ਨੇੜਲੇ ਦੁਕਾਨਦਾਰਾਂ ਅਤੇ ਪਿੰਡ ਰਣੀਆਂ ਵਾਸੀਆਂ ਨੇ ਰੋਸ ਵਜੋਂ ਧਰਨਾ ਦਿੱਤਾ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਆਗੂ ਜਸਵਿੰਦਰ ਸਿੰਘ ਬਿੱਟਾ ਸਭਰਵਾਲ ਦੀ ਅਗਵਾਈ ਹੇਠ ਥਾਣੇ ਨੇੜੇ ਸ਼ਹਿਰ ਦੇ ਮੁੱਖ ਮਾਰਗ ਉਪਰ ਲਾਏ ਧਰਨੇ ਦੌਰਾਲ ਲਗਪਗ ਤਿੰਨ ਘੰਟੇ ਆਵਾਜਾਈ ਪ੍ਰਭਾਵਿਤ ਰਹੀ। ਧਰਨਾਕਾਰੀਆਂ ਨੇ ਦੱਸਿਆ ਕਿ ਸੜਕ ਦੀ ਖਸਤਾ ਹਾਲਤ ਅਤੇ ਪਏ ਟੋਇਆਂ ਕਾਰਨ ਆਏ ਦਿਨ ਇਥੋਂ ਲੰਘਦੇ ਲੋਕਾਂ ਨੂੰ ਡਿੱਗਣ ਕਾਰਨ ਸੱਟਾਂ ਲੱਗਦੀਆਂ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਸਕੂਲੀ ਬੱਚਿਆਂ ਤੇ ਰਾਹਗੀਰਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦੁਕਾਨਦਾਰਾਂ ਨੇ ਦੱਸਿਆ ਕਿ ਉਹ ਸੜਕ ਦੀ ਮਾੜੀ ਹਾਲਤ ਸੁਧਾਰਨ ਲਈ ਕਈ ਵਾਰ ਹਲਕਾ ਵਿਧਾਇਕ ਫਤਿਹਜੰਗ ਸਿੰਘ ਬਾਜਵਾ, ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਬੇਨਤੀ ਕਰ ਚੁੱਕੇ ਹਨ। ਪਰ ਸਮੱਸਿਆ ਦਾ ਅਜੇ ਤੱਕ ਕੋਈ ਹੱਲ ਨਹੀਂ ਹੋਇਆ। ਇਸ ਕਾਰਨ ਅੱਜ ਉਨ੍ਹਾਂ ਨੂੰ ਰੋਸ ਧਰਨ ਦੇਣਾ ਪਿਆ। ਧਰਨੇ ਵਿੱਚ ਸਾਬਕਾ ਸਰਪੰਚ ਇਕਬਾਲ ਸਿੰਘ ਸਭਰਵਾਲ, ਸੁਰਿੰਦਰ ਕੁਮਾਰ ਸ਼ਰਮਾ, ਪਰਮਜੀਤ ਸਿੰਘ ਰਣੀਆਂ ਤੇ ਰੌਣਕੀ ਰਾਮ ਆਲੋਵਾਲ ਤੋਂ ਇਲਾਵਾ ਹੋਰ ਵੀ ਸ਼ਾਮਲ ਸਨ।
ਅਧਿਕਾਰੀਆਂ ਵੱਲੋਂ ਸੜਕ ਦੀ ਮੁਰੰਮਤ ਦਾ ਭਰੋਸਾ
ਦੁਕਾਨਦਾਰਾਂ ਦੇ ਧਰਨੇ ਵਿੱਚ ਪਹੁੰਚੇ ਲੋਕ ਨਿਰਮਾਣ ਵਿਭਾਗ (ਪੀ.ਡਬਲਯੂ.ਡੀ.) ਦੇ ਜੇ.ਈ ਰਸ਼ਪਾਲ ਸਿੰਘ ਢਿੱਲੋਂ, ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਸਕੱਤਰ ਨਰਿੰਦਰ ਸ਼ਰਮਾ ਕਾਲੇ ਸ਼ਾਹ ਅਤੇ ਨਗਰ ਕੌਂਸਲ ਦੇ ਪ੍ਰਧਾਨ ਅਸ਼ਵਨੀ ਦੁੱਗਲ ਵੱਲੋਂ ਸੜਕ ਦੀ ਮੁਰੰਮਤ ਛੇਤੀ ਕਰਵਾਉਣ ਦਾ ਭਰੋਸਾ ਦਿੱਤਾ। ਭਰੋਸੇ ਮਗਰੋਂ ਲੋਕਾਂ ਨੇ ਧਰਨਾ ਚੁੱਕ ਲਿਆ।