ਰਾਮ ਸਰਨ ਸੂਦ
ਅਮਲੋਹ, 5 ਅਕਤੂਬਰ
ਦੇਸ਼ ਭਗਤ ਯੂਨੀਵਰਸਿਟੀ ਯੂਨੀਵਰਸਿਟੀ ਦੇ ਨਰਸਿੰਗ ਦੇ ਵਿਦਿਆਰਥੀਆਂ ਨੇ ਦੂਸਰੇ ਕਾਲਜਾਂ ਵਿੱਚ ਮਾਈਗ੍ਰੇਸ਼ਨ ਕਰਕੇ ਨਾ ਭੇਜਣ ਅਤੇ ਐਲਾਨੀ ਮੁਆਵਜ਼ਾ ਦੀ ਰਾਸ਼ੀ ਵਾਅਦੇ ਮੁਤਾਬਕ 15 ਦਿਨਾਂ ਵਿੱਚ ਨਾ ਦੇਣ ਦੇ ਰੋਸ ਵਜੋਂ ਅੱਜ ਮੰਡੀ ਗੋਬਿੰਦਗੜ੍ਹ-ਨਾਭਾ ਮੁੱਖ ਮਾਰਗ ’ਤੇ ਧਰਨਾ ਲਾ ਕੇ ਆਵਾਜਾਈ ਠੱਪ ਕਰ ਦਿੱਤੀ। ਇਸ ਤੋਂ ਪਹਿਲਾ ਅਮਲੋਹ ਹਲਕੇ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ, ਐੱਸਡੀਐੱਮ ਗੁਰਵਿੰਦਰ ਸਿੰਘ ਚਾਹਲ ਅਤੇ ਹੋਰ ਪੁਲੀਸ ਅਧਿਕਾਰੀਆਂ ਨੇ ਉਨ੍ਹਾਂ ਨਾਲ ਮੀਟਿੰਗ ਵੀ ਕੀਤੀ ਅਤੇ ਮੰਗਾਂ ਦੀ ਪੂਰਤੀ ਲਈ ਸਮਾਂ ਕੁਝ ਦਿਨ ਹੋਰ ਵਧਾਉਣ ਦੀ ਮੰਗ ਕੀਤੀ ਪਰ ਵਿਦਿਆਰਥੀਆਂ ਨੇ ਇਹ ਮੰਗ ਨਕਾਰਦਿਆਂ ਧਰਨਾ ਸ਼ੁਰੂ ਕਰ ਦਿੱਤਾ। ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਸਰਕਾਰ ਅਤੇ ਪ੍ਰਸ਼ਾਸਨ ਆਪਣੇ ਵਾਅਦੇ ’ਤੇ ਪੂਰੇ ਨਹੀਂ ਉਤਰੇ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਨੇ ਕਿਹਾ ਕਿ ਉਨ੍ਹਾਂ ਕੋਲ ਨਰਸਿੰਗ ਕੌਂਸਲ ਦੀ ਚਿੱਠੀ ਹਾਲੇ ਆਉਣੀ ਹੈ, ਜਿਸ ਉਪਰੰਤ ਕਾਰਵਾਈ ਕੀਤੀ ਜਾਵੇਗੀ। ਵਿਦਿਆਰਥੀਆਂ ਨੇ ਆਖਿਆ ਕਿ ਹੁਣ ਤੱਕ ਮੁਆਵਜ਼ਾ ਰਾਸ਼ੀ ਵੀ ਉਨ੍ਹਾਂ ਨੂੰ ਨਹੀਂ ਮਿਲੀ, ਜਿਸ ਕਾਰਨ ਉਨ੍ਹਾਂ ਧਰਨਾ ਲਾਇਆ ਹੈ। ਇਸੇ ਦੌਰਾਨ ਵਿਦਿਆਰਥੀ ਇਨਸਾਫ਼ ਸਾਂਝਾ ਮੋਰਚਾ ਦੇ ਮੁੱਖ ਆਗੂ ਅਤੇ ਸੀਨੀਅਰ ਅਕਾਲੀ ਆਗੂ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਕਿਹਾ ਕਿ ਹਲਕਾ ਵਿਧਾਇਕ ਅਤੇ ਸਰਕਾਰ ਨੇ ਵਿਦਿਆਰਥੀਆਂ ਦੇ ਮਸਲੇ 15 ਦਿਨ ਵਿੱਚ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਸੀ, ਜਿਸ ਉਪਰੰਤ ਉਨ੍ਹਾਂ ਨੇ ਪੱਕਾ ਮੋਰਚਾ ਖ਼ਤਮ ਕੀਤਾ ਸੀ ਪਰ ਵਾਅਦੇ ਮੁਤਾਬਕ ਅੱਜ (5 ਅਕਤੂਬਰ) ਤੱਕ ਉਨ੍ਹਾਂ ਵੱਲੋਂ ਕੁਝ ਨਹੀਂ ਕੀਤਾ ਗਿਆ, ਜਿਸ ਤੋਂ ਸਪਸ਼ਟ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਵਿਦਿਆਰਥੀਆਂ ਦੇ ਮਸਲੇ ਦੇ ਹੱਲ ਪ੍ਰਤੀ ਸੁਚੇਤ ਨਹੀਂ। ਖੰਨਾ ਨੇ ਆਖਿਆ ਕਿ ਇਸੇ ਕਾਰਨ ਹੀ ਵਿਧਾਇਕ ਨੂੰ ਬੇਰੰਗ ਵਾਪਸ ਮੁੜਨਾ ਪਿਆ।
ਡੀਐੱਸਪੀ ਦੇ ਭਰੋਸੇ ਮਗਰੋਂ ਧਰਨਾ ਸਮਾਪਤ
ਅਮਲੋਹ ਦੀ ਡੀਐੱਸਪੀ ਹਰਪਿੰਦਰ ਕੌਰ ਨੇ ਦੇਰ ਸ਼ਾਮ ਮੈਡੀਕਲ ਵਿਦਿਆਰਥੀਆਂ ਨੂੰ ਦੱਸਿਆ ਕਿ ਮੈਡੀਕਲ ਕੌਂਸਲ ਨੇ ਉਨ੍ਹਾਂ ਨੂੰ ਬਾਬਾ ਫਰੀਦ ਯੂਨੀਵਰਸਿਟੀ ਅਧੀਨ ਆਉਂਦੇ ਵੱਖ-ਵੱਖ ਕਾਲਜਾਂ ’ਚ ਤਬਦੀਲ ਕਰਨ ਸਬੰਧੀ ਪੰਜਾਬ ਸਰਕਾਰ ਨੂੰ ਪੱਤਰ ਭੇਜ ਦਿੱਤਾ ਹੈ, ਜਿਸ ਮਗਰੋਂ ਵਿਦਿਆਰਥੀਆਂ ਨੇ ਧਰਨਾ ਖਤਮ ਕਰ ਦਿੱਤਾ ਹੈ।