ਸਰਬਜੀਤ ਸਿੰਘ ਭੰਗੂ
ਪਟਿਆਲਾ, 11 ਜੂਨ
ਪਿੰਡ ਪਸਿਆਣਾ ਦੇ ਕਾਂਗਰਸੀ ਸਰਪੰਚ ਭੁਪਿੰਦਰ ਸਿੰਘ ਯੋਗੀ ਦੇ ਕਤਲ ਮਾਮਲੇ ’ਚ ਮੁੱਖ ਮੁਲਜ਼ਮਾਂ ਦੀ ਸਵਾ ਮਹੀਨੇ ਮਗਰੋਂ ਵੀ ਗ੍ਰਿਫਤਾਰੀ ਨਾ ਹੋਣ ਦੇ ਰੋਸ ਵਜੋਂ ਪੀੜਤ ਪਰਿਵਾਰ ਨੇ ਅੱਜ ਇੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਦੇ ਬਾਹਰ ਧਰਨਾ ਦਿੱਤਾ। ਆਮ ਤੌਰ ’ਤੇ ਪ੍ਰਦਰਸ਼ਨਕਾਰੀਆਂ ਨੂੰ ਨਿਊ ਮੋਤੀ ਬਾਗ ਪੈਲੇਸ ਤੋਂ ਕਰੀਬ ਅੱਧਾ ਕਿਲੋਮੀਟਰ ਪਿਛਾਂਹ ਵਾਈਪੀਐੱਸ ਚੌਕ ’ਤੇ ਹੀ ਰੋਕ ਲਿਆ ਜਾਂਦਾ ਹੈ ਪਰ ਪੀੜਤ ਪਰਿਵਾਰ ਨੇ ਆਪਣਾ ਇਹ ਪ੍ਰੋਗਰਾਮ ਗੁਪਤ ਰੱਖਿਆ ਤੇ ਉਹ ਬਿਨਾਂ ਕਿਸੇ ਰੋਕ ਟੋਕ ਤੋਂ ਸਿੱਧਾ ਮੁੱਖ ਮੰਤਰੀ ਨਿਵਾਸ ਦੇ ਗੇਟ ’ਤੇ ਜਾ ਪੁੱਜੇ ਅਤੇ ਗੇਟ ਅੱਗਿਉਂ ਲੰਘਦੀ ਸੜਕ ’ਤੇ ਧਰਨਾ ਦਿੱਤਾ।
ਪੀੜਤ ਪਰਿਵਾਰ ਕਾਂਗਰਸ ਨਾਲ ਸਬੰਧਿਤ ਹੋਣ ਕਾਰਨ ਊਨ੍ਹਾਂ ਨਾਅਰੇਬਾਜ਼ੀ ਦੀ ਬਜਾਏ ਕਰੀਬ ਪੰਦਰਾਂ ਮਿੰਟ ਸ਼ਾਂਤਮਈ ਢੰਗ ਨਾਲ ਗੇਟ ਅੱਗੇ ਬੈਠ ਕੇ ਆਪਣਾ ਰੋਸ ਜ਼ਾਹਰ ਕੀਤਾ। ਪਰਿਵਾਰਕ ਮੈਂਬਰ ਆਖ ਰਹੇ ਸਨ ਕਿ ਉਨ੍ਹਾਂ ਨੂੰ ਦੁੱਖ ਹੈ ਕਿ ਕਾਤਲਾਂ ਦੀ ਗ੍ਰਿਫ਼ਤਾਰੀ ਲਈ ਉਨ੍ਹਾਂ ਨੂੰ ਆਪਣੇ ਹੀ ਆਗੂਆਂ ਦੀ ਰਿਹਾਇਸ਼ ਅੱਗੇ ਧਰਨੇ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਦਾ ਤਰਕ ਸੀ ਕਿ ਉਹ ਤਾਂ ਸਿਰਫ਼ ਆਪਣਾ ਦੁੱਖ ਦੱਸਣ ਆਏ ਹਨ ਕਿ ਸਵਾ ਮਹੀਨੇ ਮਗਰੋਂ ਵੀ ਕਾਤਲ ਪੁਲੀਸ ਦੀ ਗ੍ਰਿਫ਼ਤ ਵਿੱਚੋਂ ਬਾਹਰ ਹਨ। ਇਸ ਮੌਕੇ ਪਰਿਵਾਰਕ ਮੈਂਬਰ ਮ੍ਰਿਤਕ ਦੇ ਛੇ ਮਹੀਨੇ ਤੇ ਤਿੰਨ ਸਾਲਾਂ ਦੇ ਦੋਵੇਂ ਬੱਚਿਆਂ ਨੂੰ ਵੀ ਨਾਲ ਲੈ ਕੇ ਆਏ।
ਜ਼ਿਕਰਯੋਗ ਹੈ ਕਿ 5 ਮਈ ਨੂੰ ਸਰਪੰਚ ਭੁਪਿੰਦਰ ਸਿੰਘ ਦੀ ਹੱਤਿਆ ਕਰ ਦਿੱਤੀ ਗਈ ਸੀ। ਇਸ ਸਬੰਧੀ 24 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਭਾਵੇਂ ਬਹੁਤੇ ਮੁਲਜ਼ਮ ਜੇਲ੍ਹ ਭੇਜ ਦਿੱਤੇ ਗਏ ਹਨ ਪਰ ਮ੍ਰਿਤਕ ਦੇ ਪਰਿਵਾਰ ਦਾ ਕਹਿਣਾ ਹੈ ਕਿ ਮੁੱਖ ਮੁਲਜ਼ਮ ਕ੍ਰਿਸ਼ਨ ਕੁਮਾਰ ਚੀਚਾ, ਬਿੱਟੂ ਗੁੱਜਰ, ਸੰਦੀਪ, ਮਨਦੀਪ ਅਤੇ ਕੁਲਵਿੰਦਰ ਕੁੱਲੂ ਆਦਿ ਹਾਲੇ ਵੀ ਪੁਲੀਸ ਦੀ ਗ੍ਰਿਫ਼ਤ ਵਿੱਚੋਂ ਬਾਹਰ ਹਨ। ਪਰਿਵਾਰ ਦੇ ਇੱਕ ਰਿਸ਼ਤੇਦਾਰ ਤਰਸੇਮ ਸਿੰਘ ਦਾ ਕਹਿਣਾ ਸੀ ਕਿ ਪਰਿਵਾਰ ਨੇ ਇਹ ਧਰਨਾ ਦੁਖੀ ਮਨ ਨਾਲ ਦਿੱਤਾ ਹੈ ਤਾਂ ਕਿ ਉਨ੍ਹਾਂ ਦੀ ਸੁਣਵਾਈ ਹੋ ਸਕੇ। ਇਸ ਮੌਕੇ ਜ਼ਿਲ੍ਹਾ ਪਰਿਸ਼ਦ ਮੈਂਬਰ ਧਰਮਪਾਲ ਪਸਿਆਣਾ, ਲਾਡੀ ਸਿੰਘ ਢੈਂਠਲ, ਤਰਸੇਮ ਸਿੰਘ ਅਤੇ ਦਰਸ਼ਨ ਸਿੰਘ ਮੌਜੂਦ ਸਨ।