ਖੇਤਰੀ ਪ੍ਰਤੀਨਿਧ
ਪਟਿਆਲਾ, 6 ਸਤੰਬਰ
ਪੰਜਾਬ ਰੋਡਵੇਜ਼, ਪਨਬੱਸ ਤੇ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਦੇ ਸੱਦੇ ’ਤੇ ਪੀਆਰਟੀਸੀ ਅਤੇ ਪਨਬੱਸ ਮੁਲਾਜ਼ਮਾਂ ਵੱਲੋਂ ਯੂਨੀਅਨ ਦੇ ਸੂਬਾਈ ਪ੍ਰਧਾਨ ਰੇਸ਼ਮ ਸਿੰਘ ਗਿੱਲ ਦੀ ਅਗਵਾਈ ਹੇਠਾਂ ਅੱਜ ਇਥੇ ਸਥਿਤ ਪੀਆਰਟੀਸੀ ਦੇ ਮੁੱਖ ਦਫ਼ਤਰ ਦੇ ਬਾਹਰ ਸੂਬਾਈ ਧਰਨਾ ਦਿੱਤਾ ਗਿਆ। ਇਸ ਦੌਰਾਨ ਪਿਛਲੇ ਦਿਨੀਂ ਕੀਤੀ ਗਈ ਸੂਬਾਈ ਹੜਤਾਲ਼ ਖੁੱਲ੍ਹਵਾਉਣ ਲਈ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, ਤਨਖਾਹ ’ਚ ਇਕਸਾਰਤਾ ਅਤੇ ਕਿਲੋਮੀਟਰ ਸਕੀਮ ਵਾਲ਼ੀਆਂ ਬੱਸਾਂ ਪਾਉਣ ਦਾ ਫ਼ੈਸਲਾ ਰੱਦ ਕਰਨਾ ਆਦਿ ਮੰਗਾਂ ਮੰਨੀਆਂ ਸਨ। ਹਫ਼ਤੇ ਦੀ ਹੋਰ ਮੋਹਲਤ ਦਿੰਦਿਆਂ, ਐਲਾਨ ਕੀਤਾ ਗਿਆ ਕਿ ਜੇਕਰ ਮੰਨੀਆਂ ਮੰਗਾਂ ਲਾਗੂ ਨਾ ਕੀਤੀਆਂ ਗਈਆਂ ਤਾਂ 13 ਸਤੰਬਰ ਨੂੰ ਟਰਾਂਸਪੋਰਟ ਵਿਭਾਗ ਦੇ ਚੰਡੀਗੜ੍ਹ ਸਥਿਤ ਮੁੱਖ ਦਫ਼ਤਰ ਅਤੇ 13 ਤੋਂ 20 ਸਤੰਬਰ ਦਰਮਿਆਨ ਗੁਪਤ ਐਕਸ਼ਨ ਕਰ ਕੇ ਮੁੱਖ ਮੰਤਰੀ ਦਾ ਘਿਰਾਓ ਕੀਤਾ ਜਾਵੇਗਾ। ਫਿਰ ਵੀ ਅਮਲ ਨਾ ਹੋਣ ’ਤੇ 27, 28 ਤੇ 29 ਸਤੰਬਰ ਨੂੰ ਸੂਬਾਈ ਹੜਤਾਲ ਕਰ ਕੇ ਪੀਆਰਟੀਸੀ ਅਤੇ ਪਨਬੱਸ ਦੀਆਂ ਬੱੱਸਾਂ ਦਾ ਮੁਕੰਮਲ ਚੱਕਾ ਜਾਮ ਕੀਤਾ ਜਾਵੇਗਾ। ਇਸ ਮੌਕੇ ਸੂਬਾਈ ਪ੍ਰਧਾਨ ਰੇਸ਼ਮ ਸਿੰਘ ਗਿੱਲ, ਸੂਬਾਈ ਆਗੂ ਹਰਕੇਸ਼ ਵਿੱਕੀ ਖਨਾਲ, ਸਮਸ਼ੇਰ ਸਿੰਘ ਆਦਿ ਨੇ ਸੰਬੋਧਨ ਕੀਤਾ।