ਰਾਮ ਸਰਨ ਸੂਦ
ਅਮਲੋਹ, 14 ਸਤੰਬਰ
ਮਾਧਵ ਕੇੇਆਰਜੀ ਲਿਮਟਿਡ ਖ਼ਿਲਾਫ਼ ਅੱਜ ਪਿੰਡ ਅਕਾਲਗੜ੍ਹ ਨਜ਼ਦੀਕ ਲੱਗ ਰਹੇ ਨਵੇਂ ਜ਼ਿੰਕ ਪਲਾਂਟ ਦੇ ਗੇਟ ਅੱਗੇ ਕਿਸਾਨ ਜਥੇਬੰਦੀਆਂ ਅਤੇ ਲੋਕਾਂ ਵੱਲੋਂ ਧਰਨਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਨਵੇਂ ਲੱਗ ਰਹੇ ਪਲਾਂਟ ਦੇ ਕੰਮ ਨੂੰ ਰੋਕਿਆ ਜਾਵੇ ਕਿਉਂਕਿ ਇਸ ਨਾਲ ਪ੍ਰਦੂਸ਼ਣ ਪੈਦਾ ਹੋਵੇਗਾ ਅਤੇ ਗੰਦਾ ਪਾਣੀ ਟੋਏ ਪੁੱਟ ਕੇ ਅਤੇ ਬੋਰ ਕਰ ਕੇ ਧਰਤੀ ਅੰਦਰ ਜਾਣ ਨਾਲ ਇਲਾਕੇ ਵਿਚ ਬਿਮਾਰੀਆਂ ਫ਼ੈਲਣ ਦਾ ਖ਼ਤਰਾ ਬਣੇਗਾ। ਇਸ ਮੌਕੇ 31 ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ। ਬੁਲਾਰਿਆਂ ਨੇ ਦੱਸਿਆ ਕਿ ਇਹ ਪਲਾਂਟ ਕਰੀਬ 22 ਏਕੜ ਵਿੱਚ ਲੱਗ ਰਿਹਾ ਹੈ ਜਿਸ ਵਿੱਚੋਂ 2 ਏਕੜ ਨੂੰ 50 ਫੁੱਟ ਡੂੰਘਾ ਪੁੱਟਿਆ ਗਿਆ ਹੈ ਅਤੇ 50 ਫੁੱਟ ਤੱਕ ਮਾਈਨਿੰਗ ਦਾ ਵੀ ਫੈਕਟਰੀ ਪਾਸ ਕੋਈ ਐੱਨ.ਓ.ਸੀ ਨਹੀਂ ਹੈ। ਇਸ ਮੌਕੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਵੀ ਧਰਨੇ ਵਿੱਚ ਹਾਜ਼ਰੀ ਲਗਵਾਈ ਅਤੇ ਧਰਨਾਕਾਰੀਆਂ ਨੂੰ ਮਸਲਾ ਜਲਦ ਹੱਲ ਕਰਵਾਉਣ ਦਾ ਭਰੋਸਾ ਦਿਵਾਇਆ ਜਦੋਂਕਿ ਪ੍ਰਸਾਸ਼ਨ ਵੱਲੋਂ ਪਹੁੰਚੇ ਐੱਸਡੀਐੱਮ ਨਾਭਾ ਕਨੂ ਗਰਗ, ਤਹਿਸੀਲਦਾਰ ਨਾਭਾ ਸੁਖਜਿੰਦਰ ਸਿੰਘ ਟਿਵਾਣਾ, ਥਾਣਾ ਅਮਲੋਹ ਦੇ ਮੁਖੀ ਵਿਨੋਦ ਕੁਮਾਰ ਤੇ ਥਾਣਾ ਭਾਦਸੋਂ ਦੇ ਮੁਖੀ ਅੰਗਰੇਜ਼ ਅਲੀ ਨੇ ਧਰਨਾਕਾਰੀਆਂ ਨੂੰ ਮਸਲਾ ਹੱਲ ਕਰਵਾਉਣ ਦਾ ਭਰੋਸਾ ਦਿੱਤਾ।
ਧਰਨਾਕਾਰੀਆਂ ਵੱਲੋਂ ਲਾਏ ਦੋਸ਼ ਬੇਬੁਨਿਆਦ: ਜਨਰਲ ਮੈਨੇਜਰ
ਫੈਕਟਰੀ ਦੇ ਐੱਚਆਰ ਵਿਭਾਗ ਦੇ ਜਨਰਲ ਮੈਨੇਜਰ ਨੇ ਧਰਨਾਕਾਰੀਆਂ ਵੱਲੋਂ ਲਾਏ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਅਤੇ ਕਿਹਾ ਕਿ ਸਰਕਾਰ ਵੱਲੋਂ ਸਾਰੀਆਂ ਮਨਜ਼ੂਰੀਆਂ ਮਿਲਣ ਉਪਰੰਤ ਹੀ ਪਲਾਂਟ ਦਾ ਕੰਮ ਚੱਲ ਰਿਹਾ ਹੈ।