ਮਨੋਜ ਸ਼ਰਮਾ
ਬਠਿੰਡਾ, 30 ਮਾਰਚ
ਅੱਜ ਰਾਸਾ ਦੇ ਪੰਜਾਬ ਪ੍ਰਧਾਨ ਰਵਿੰਦਰ ਸਿੰਘ ਮਾਨ ਅਤੇ ਜ਼ਿਲ੍ਹਾ ਪ੍ਰਧਾਨ ਗੁਰਸੇਵਕ ਸਿੰਘ ਦੀ ਅਗਵਾਈ ਹੇਠ ਬਠਿੰਡਾ ਦੇ ਚਿਲਡਰਨ ਪਾਰਕ ਵਿਚ ਜ਼ਿਲ੍ਹੇ ਦੇ ਸਕੂਲਾਂ ਦੀ ਇੱਕਤਰਤਾ ਕਰਨ ਤੋਂ ਬਾਅਦ ਕਾਲੀਆ ਝੰਡੇ ਲੈ ਬਠਿੰਡਾ ਦੇ ਪ੍ਰਬੰਧਕੀ ਕੰਪਲੈਕਸ ਤੱਕ ਮਾਰਚ ਕੱਢਦਿਆ ਗਿਆ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿੱਖਿਆ ਮੰਤਰੀ ਤੋਂ ਮੰਗ ਕੀਤੀ ਕਿ ਕਰੋਨਾ ਕਾਲ ਦੌਰਾਨ ਬੱਚਿਆ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਇਸ ਲਈ ਸਕੂਲਾਂ ਵਿਚ ਪਹਿਲੀ ਅਪਰੈਲ ਤੋਂ ਜਮਾਤਾਂ ਲਾਉਣ ਦੀ ਇਜਾਜ਼ਤ ਦਿੱਤੀ ਜਾਵੇ। ਰਾਸਾ ਪ੍ਰਧਾਨ ਰਵਿੰਦਰ ਸਿੰਘ ਨੇ ਮਾਨ ਦੀ ਅਗਵਾਈ ਵਿਚ ਡਿਪਟੀ ਕਮਿਸ਼ਨਰ ਬਠਿੰਡਾ ਤੋਂ ਮੰਗ ਕੀਤੀ ਕਿ 10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਦੀ ਸਾਲਾਨਾ ਪ੍ਰੀਖਿਆਵਾਂ ਅਪਰੈਲ ਮਹੀਨੇ ਵਿਚ ਲਈਆਂ ਜਾਣਗੀਆਂ। ਉਨ੍ਹਾਂ ਚਿਤਵਾਨੀ ਦਿੱਤੀ ਕਿ ਜੇਰ ਸਰਕਾਰ ਸਕੂਲ ਬੰਦ ਕਰਨ ਲਈ ਬੇਜ਼ਿੱਦ ਹੈ ਤਾਂ ਸਕੂਲਾਂ ਵਿਚ ਕੰਮ ਕਰਦੇ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਦੀ ਤਨਖ਼ਾਹ ਸਰਕਾਰ ਆਪਣੇ ਕੋਲੋਂ ਉਨ੍ਹਾਂ ਦੇ ਖਾਤਿਆਂ ਵਿਚ ਪਾਵੇ ਨਹੀਂ ਤਾਂ ਸਕੂਲ ਵਿਚ ਕੰਮ ਕਰਦੇ ਸਟਾਫ਼ ਰਿਲੀਵ ਕਰਨ ਦੀ ਆਗਿਆ ਦਿੱਤੀ ਜਾਵੇ। ਇਸ ਮੌਕੇ ਸਵਰਨਜੀਤ ਸਿੰਘ ਬੰਗੀ, ਚਰਨਜੀਤ ਸ਼ਰਮਾ ਕੋਟ ਸਮੀਰ, ਰੋਹਿਤ ਸ਼ਰਮਾ ਬੱਲੂਆਣਾ, ਕਰਮਬੀਰ ਸਿੰਘ ਖਹਿਰਾ, ਹਰਬੰਸ ਸਿੰਘ ਬਰਾੜ, ਇਕਬਾਲ ਸਿੰਘ ਮੌਜੂਦ ਸਨ।
ਭਿੱਖੀਵਿੰਡ: (ਨਰਿੰਦਰ ਸਿੰਘ) ਅੱਜ ਜ਼ਿਲ੍ਹਾ ਤਰਨਤਾਰਨ ਦੇ ਸਮੂਹ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ, ਬੱਚਿਆਂ ਦੇ ਮਾਪਿਆਂ, ਸਕੂਲ ਵੈਨਾਂ ਦੇ ਡਰਾਈਵਰਾਂ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਅੱਜ ਇਕਜੁੱਟ ਹੁੰਦੇ ਹੋਏ ਅੱਜ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸਕੂਲ ਅਧਿਕਾਰੀਆਂ ਨੇ ਦੱਸਿਆ ਕਿ ਸਰਕਾਰ ਕਰੋਨਾ ਦੇ ਨਾਂ ’ਤੇ ਬੱਚਿਆਂ ਦਾ ਭਵਿੱਖ ਖ਼ਰਾਬ ਕਰਨ ਤੇ ਲੱਗੀ ਹੋਈ ਹੈ। ਪਿਛਲੇ ਸਾਲ ਵੀ ਬੱਚਿਆਂ ਦੀ ਪੜ੍ਹਾਈ ਰੈਗੂਲਰ ਨਾ ਹੋਣ ਕਰਕੇ ਉਨ੍ਹਾਂ ਦੀ ਪੜ੍ਹਾਈ ’ਤੇ ਅਸਰ ਪਿਆ ਹੈ ਜੇ ਸਰਕਾਰ ਨੇ ਅਜਿਹਾ ਰਵੱਈਆ ਜਾਰੀ ਰੱਖਿਆ ਤਾਂ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋਵੇਗਾ।