ਆਤਿਸ਼ ਗੁਪਤਾ
ਚੰਡੀਗੜ੍ਹ, 16 ਨਵੰਬਰ
ਜੱਲ੍ਹਿਆਂਵਾਲੇ ਬਾਗ਼ ਦਾ ਮੂਲ ਸਰੂਪ ਬਹਾਲ ਕਰਵਾਉਣ ਦੀ ਮੰਗ ਲਈ ਦੇਸ਼ ਭਗਤ ਯਾਦਗਾਰ ਕਮੇਟੀ, ਜਲੰਧਰ ਦੀ ਅਗਵਾਈ ਹੇਠ ਦਰਜਨਾਂ ਜਨਤਕ ਜਥੇਬੰਦੀਆਂ ਦੇ ਪ੍ਰਤੀਨਿਧਾਂ ਨੇ ਸੈਕਟਰ-36 ’ਚ ਸਥਿਤ ਪੀਪਲਜ਼ ਕਨਵੈਨਸ਼ਨ ਸੈਂਟਰ ਵਿੱਚ ਕਨਵੈਨਸ਼ਨ ਕੀਤੀ। ਇਸ ਤੋਂ ਜਥੇਬੰਦੀਆਂ ਦੇ ਆਗੂਆਂ ਨੇ ਰਾਜ ਭਵਨ ਤੱਕ ਰੋਸ ਮਾਰਚ ਸ਼ੁਰੂ ਕੀਤਾ। ਪ੍ਰਦਰਸ਼ਨਕਾਰੀਆਂ ਨੂੰ ਪੁਲੀਸ ਨੇ ਰਾਹ ਵਿੱਚ ਰੋਕ ਦਿੱਤਾ। ਪ੍ਰਦਰਸ਼ਨਕਾਰੀਆਂ ਤੋਂ ਐੱਸਡੀਐੱਮ ਦੱਖਣੀ ਰਾਕੇਸ਼ ਨੇ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਹਾਸਲ ਕੀਤਾ। ਕਨਵੈਨਸ਼ਨ ਦਾ ਆਗ਼ਾਜ਼ ਕਰਨ ਤੋਂ ਪਹਿਲਾਂ ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ।
ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਜੱਲ੍ਹਿਆਂਵਾਲਾ ਬਾਗ਼ ਦੀ ਇਤਿਹਾਸਕ ਵਿਰਾਸਤ ਨਾਲ ਛੇੜਛਾੜ ਕਰ ਕੇ ਭਾਜਪਾ ਹਕੂਮਤ ਅਸਲ ’ਚ ਸਾਮਰਾਜ ਵਿਰੋਧੀ ਜੱਦੋਜਹਿਦ ਦੇ ਚਿੰਨ੍ਹ ਮਿਟਾ ਦੇਣਾ ਚਾਹੁੰਦੀ ਹੈ। ਜੱਲ੍ਹਿਆਂਵਾਲਾ ਬਾਗ਼ ਦਾ ਸਾਕਾ ਕੋਈ ਅਚਨਚੇਤ ਵਾਪਰੀ ਘਟਨਾ ਨਹੀਂ ਸੀ ਸਗੋਂ ਇਹ ਫ਼ਾਸ਼ੀਵਾਦੀ ਸਰਕਾਰ ਦਾ ਸੋਚਿਆ ਸਮਝਿਆ ਏਜੰਡਾ ਸੀ। ਕੇਂਦਰ ਸਰਕਾਰ ਸੁਤੰਤਰਤਾ ਸੰਗਰਾਮ ਦੀ ਵਿਰਾਸਤ ਤੇ ਉਸ ਦੇ ਯਾਦਗਾਰੀ ਚਿੰਨ੍ਹ ਮਿਟਾਉਣਾ ਚਾਹੁੰਦੀ ਹੈ।
ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਭਾਜਪਾ ਸਰਕਾਰ ਸਾਮਰਾਜ ਦੇ ਪਦ-ਚਿੰਨ੍ਹਾਂ ਉੱਪਰ ਹੀ ਚੱਲ ਰਹੀ ਹੈ। ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਭਾਜਪਾ ਸਰਕਾਰ ਪਾਠਕ੍ਰਮ ਵਿੱਚੋਂ ਆਜ਼ਾਦੀ ਸੰਗਰਾਮੀਆਂ ਦੇ ਕ੍ਰਾਂਤੀਕਾਰੀ ਰੋਲ ਨੂੰ ਅਣਡਿੱਠ ਕਰ ਰਹੀ ਹੈ ਤੇ ਖਿੱਚੂ ਵਿਚਾਰਾਂ ਵਾਲਿਆਂ ਨੂੰ ਉਭਾਰ ਰਹੀ ਹੈ। ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਸਾਡੇ ਦੇਸ਼ ਦੀ ਸਰਕਾਰ ਸੰਪਰਦਾਇਕ ਤਾਕਤਾਂ ਦੀ ਪੁਸ਼ਤਪਨਾਹੀ ਕਰਦੀ ਹੈ।
ਇਸ ਮੌਕੇ ਸੁਰਿੰਦਰ ਕੁਮਾਰੀ ਕੋਛੜ, ਕਾਮਰੇਡ ਸੱਜਣ ਸਿੰਘ, ਇੰਦਰਜੀਤ ਸਿੰਘ ਗਰੇਵਾਲ, ਸਾਥੀ ਮਹਿੰਦਰਪਾਲ, ਸਾਥੀ ਅਮੋਲਕ (ਪਲਸ ਮੰਚ), ਚਰੰਜੀ ਲਾਲ ਕੰਗਣੀਵਾਲ, ਵਿਜੈ ਬੰਬੇਲੀ, ਅਵਤਾਰ ਸਿੰਘ ਪਾਲ, ਡਾ. ਸਰਬਜੀਤ ਸਿੰਘ, ਡਾ. ਕੰਵਲਜੀਤ ਢਿੱਲੋਂ, ਸ਼ਬਦੀਸ਼, ਯਸ਼ਪਾਲ, ਸੁਮੀਤ ਸਿੰਘ, ਰਾਬਿੰਦਰਨਾਥ ਸ਼ਰਮਾ, ਬਲਵੀਰ ਸਿੰਘ ਗਿੱਲ, ਗੁਰਮੇਲ ਸਿੰਘ ਭਰੋਵਾਲ ਆਦਿ ਹਾਜ਼ਰ ਸਨ।
ਕਨਵੈਨਸ਼ਨ ਵਿੱਚ ਤਰਕਸ਼ੀਲ ਸੁਸਾਇਟੀ ਪੰਜਾਬ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਪੰਜਾਬ ਸਟੂਡੈਂਟਸ ਯੂਨੀਅਨ (ਰੰਧਾਵਾ), ਪੀਐਸਯੂ (ਲਲਕਾਰ), ਨੌਜਵਾਨ ਭਾਰਤ ਸਭਾ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਕਿਰਤੀ ਕਿਸਾਨ ਯੂਨੀਅਨ, ਸਹਿਕਾਰਤਾ ਮੰਚ ਪੰਜਾਬ, ਭਾਰਤੀ ਮਹਿਲਾ ਫ਼ੈਡਰੇਸ਼ਨ, ਪੇਂਡੂ ਮਜ਼ਦੂਰ ਯੂਨੀਅਨ, ਸੈਂਟਰ ਆਫ਼ ਟਰੇਡ ਯੂਨੀਅਨ, ਭਾਰਤੀ ਕਿਸਾਨ ਸਭਾ ਸਣੇ ਹੋਰ ਜਨਤਕ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ।