ਦਵਿੰਦਰ ਪਾਲ
ਚੰਡੀਗੜ੍ਹ, 1 ਜਨਵਰੀ
ਪੰਜਾਬ ਭਰ ਵਿੱਚ ਅੱਜ ਸੱਤ ਖੱਬੇ ਪੱਖੀ ਪਾਰਟੀਆਂ ਅਤੇ ਜਨਤਕ ਜਥੇਬੰਦੀਆਂ ਦੀ ਅਗਵਾਈ ਹੇਠ ਫਲਸਤੀਨ ਜੰਗ ਵਿਰੁੱਧ ਜ਼ਿਲ੍ਹਾ ਅਤੇ ਤਹਿਸੀਲ ਪੱਧਰ ’ਤੇ ਪ੍ਰਦਰਸ਼ਨ ਕੀਤੇ ਗਏ। ਇਸ ਮੌਕੇ ਵੱਡੀ ਗਿਣਤੀ ਜ਼ਿਲ੍ਹਿਆਂ ਅਤੇ ਤਹਿਸੀਲਾਂ ਵਿੱਚ ‘ਫਲਸਤੀਨ ਦੀ ਆਜ਼ਾਦੀ ਬਹਾਲ ਕਰੋ’, ‘ਫਲਸਤੀਨ ’ਤੇ ਥੋਪੀ ਨਿਹੱਕੀ ਜੰਗ ਬੰਦ ਕਰੋ’, ‘ਫਲਸਤੀਨ ਦੀ ਨਸਲਕੁਸ਼ੀ ਬੰਦ ਕਰੋ’, ਯੂਐੱਨਓ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਜੰਗੀ ਅਪਰਾਧੀ ਐਲਾਨੇ’ ਆਦਿ ਨਾਅਰੇ ਗੂੰਜੇ।
ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਅਮਰੀਕਾ ਅਤੇ ਨਾਟੋ ਗੁੱਟ ਦੀ ਸ਼ਹਿ ’ਤੇ ਇਜ਼ਰਾਈਲ ਵੱਲੋਂ ਨਿਰਦੋਸ਼ ਫਲਸਤੀਨੀਆਂ ਦੇ ਕੀਤੇ ਜਾ ਰਹੇ ਕਤਲੇਆਮ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਗਈ। ਰੋਸ ਪ੍ਰਦਰਸ਼ਨਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਹਮਾਸ ਨੂੰ ਖ਼ਤਮ ਕਰਨ ਦੇ ਨਾਂ ’ਤੇ ਫਲਸਤੀਨੀਆਂ ਦੀ ਕੀਤੀ ਜਾ ਰਹੀ ਨਸਲਕੁਸ਼ੀ ਲਈ ਜ਼ਿੰਮੇਵਾਰ ਬੈਂਜਾਮਿਨ ਨੇਤਨਯਾਹੂ ਨੂੰ ਜੰਗੀ ਅਪਰਾਧੀ ਐਲਾਨਿਆ ਜਾਣਾ ਚਾਹੀਦਾ ਹੈ। ਸੰਸਾਰ ਭਰ ਵਿੱਚ ਜੰਗਬੰਦੀ ਦੀ ਉੱਠੀ ਆਵਾਜ਼ ਨਾਲ ਇਕਸੁਰ ਹੁੰਦਿਆਂ ਆਗੂਆਂ ਨੇ ਫਲਸਤੀਨ ਦੇ ਕੌਮੀ ਮੁਕਤੀ ਘੋਲ ਦੀ ਜ਼ੋਰਦਾਰ ਹਮਾਇਤ ਕੀਤੀ। ਇਸ ਮੌਕੇ ਮਾਰੇ ਗਏ ਨਿਹੱਥੇ ਫਲਸਤੀਨੀਆਂ ਨੂੰ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਬੁਲਾਰਿਆਂ ਨੇ ਫਲਸਤੀਨ ਵਿੱਚ ਮਨੁੱਖੀ ਅਧਿਕਾਰਾਂ, ਯੂਐੱਨਓ ਦੇ ਮਤਿਆਂ ਨੂੰ ਪੈਰਾਂ ਹੇਠ ਰੋਲ ਰਹੇ ਇਜ਼ਰਾਈਲ ਦੀਆਂ ਵਸਤਾਂ ਦਾ ਬਾਈਕਾਟ ਕਰਨ ਦਾ ਸੱਦਾ ਵੀ ਦਿੱਤਾ।
ਬੁਲਾਰਿਆਂ ਨੇ ਕਿਹਾ ਕਿ ਹੁਣ ਤੱਕ ਭਾਰਤੀ ਆਗੂ ਫਲਸਤੀਨ ਦੀ ਆਜ਼ਾਦੀ ਦੇ ਹੱਕ ਵਿੱਚ ਬੋਲਦੇ ਆਏ ਹਨ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੀ ਕਠਪੁਤਲੀ ਬਣ ਕੇ ਇਜ਼ਰਾਈਲ ਦੀ ਪਿੱਠ ਠੋਕ ਕੇ ਆਪਣਾ ਫਾਸ਼ੀਵਾਦੀ ਚਿਹਰਾ ਸਾਹਮਣੇ ਲਿਆਂਦਾ ਹੈ। ਇਸ ਮੌਕੇ ਫਲਸਤਨੀਆਂ ਨੂੰ ਹਰ ਤਰ੍ਹਾਂ ਦੀ ਮਨੁੱਖੀ ਇਮਦਾਦ ਪਹੁੰਚਾਉਣ ਲਈ ਦੁਨੀਆ ਭਰ ਦੇ ਲੋਕਾਂ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ ਗਿਆ।
ਰੋੋਸ ਪ੍ਰਦਰਸ਼ਨਾਂ ਨੂੰ ਕਾਮਰੇਡ ਮੰਗਤ ਰਾਮ ਪਾਸਲਾ, ਪ੍ਰਗਟ ਸਿੰਘ ਜਾਮਾਰਾਏ, ਬੰਤ ਸਿੰਘ ਬਰਾੜ, ਪਿਰਥੀਪਾਲ ਸਿੰਘ ਮਾੜੀਮੇਘਾ, ਕੰਵਲਜੀਤ ਖੰਨਾ, ਨਰੈਣ ਦੱਤ, ਅਜਮੇਰ ਸਿੰਘ ਸਮਰਾ, ਦਰਸ਼ਨ ਸਿੰਘ ਖਟਕੜ, ਗੁਰਮੀਤ ਸਿੰਘ ਬਖਤਪੁਰ, ਰਾਜਵਿੰਦਰ ਸਿੰਘ ਰਾਣਾ, ਲਖਵਿੰਦਰ ਸਿੰਘ, ਸ਼੍ਰਿਸ਼ਟੀ, ਕਿਰਨਜੀਤ ਸੇਖੋਂ, ਮੰਗਤ ਰਾਮ ਲੌਂਗੋਵਾਲ ਸਮੇਤ ਸਥਾਨਕ ਆਗੂਆਂ ਨੇ ਸੰਬੋਧਨ ਕੀਤਾ। ਇਨਾਂ ਆਗੂਆਂ ਨੇ ਕਿਹਾ ਕਿ ਸਾਮਰਾਜ ਜੰਗਬਾਜ਼ਾਂ ਖ਼ਿਲਾਫ਼ ਫਲਸਤੀਨ ਤੇ ਭਾਰਤ ਦੇ ਕਿਰਤੀਆਂ ਦੀ ਲੜਾਈ ਸਾਂਝੀ ਹੈ। ਬੁਲਾਰਿਆਂ ਨੇ ਕਿਹਾ ਕਿ 1948 ਤੋਂ ਇੰਗਲੈਂਡ ਅਮਰੀਕਾ ਦੀ ਸ਼ਹਿ ’ਤੇ ਫਲਸਤੀਨੀਆਂ ਦੀਆਂ ਜ਼ਮੀਨਾਂ ਅਤੇ ਕਾਰੋਬਾਰਾਂ ’ਤੇ ਕਬਜ਼ਾ ਕਰ ਕੇ ਮੱਧਪੂਰਬ ਦੇ ਇਸ ਛੋਟੇ ਜਿਹੇ ਦੇਸ਼ ਨੂੰ ਖੁੱਲ੍ਹੀ ਜੇਲ੍ਹ ਵਿੱਚ ਬਦਲਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਫਲਸਤੀਨ ਦੇ ਗਾਜ਼ਾ ਵਿੱਚ 20,000 ਤੋਂ ਵੱਧ ਲੋਕਾਂ ਸਮੇਤ ਅੱਠ ਹਜ਼ਾਰ ਮਾਸੂਮਾਂ ਦਾ ਕਤਲ, ਘਰਾਂ ਦੀ ਤਬਾਹੀ, ਰਾਸ਼ਨ ਦੀ ਭਾਰੀ ਕਿੱਲਤ, ਇਲਾਜ ਦੀ ਅਣਹੋਂਦ ਆਦਿ ਅੱਜ ਦੇ ਸਮੇਂ ਵਿੱਚ ਸੰਸਾਰ ਦਾ ਸਭ ਤੋਂ ਵੱਡਾ ਦਿਲਕੰਬਾਊ ਦੁਖਾਂਤ ਹੈ। ਇਸ ਮੌਕੇ ਆਗੂਆਂ ਨੇ ਮੋਦੀ ਦੀ ਫਾਸ਼ੀਵਾਦੀ ਹਕੂਮਤ ਵੱਲੋਂ ਅਮਰੀਕਾ ਨਾਲ ਇਲਹਾਕ ਦੇ ਚੱਲਦਿਆਂ ਇਜ਼ਰਾਈਲ ਦੇ ਹੱਕ ਵਿੱਚ ਖੜ੍ਹਨ ਦੀ ਨਿਖੇਧੀ ਵੀ ਕੀਤੀ।