ਦਵਿੰਦਰ ਪਾਲ
ਚੰਡੀਗੜ੍ਹ, 25 ਜੁਲਾਈ
ਪੰਜਾਬ ਦੀਆਂ 13 ਖੱਬੇਪੱਖੀ ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਆਰਡੀਨੈਂਸਾਂ ਖ਼ਿਲਾਫ਼ 27 ਜੁਲਾਈ ਨੂੰ ਕੀਤੇ ਜਾਣ ਵਾਲੇ ਸੂਬਾ ਪੱਧਰੀ ਅੰਦੋਲਨ ਦੀ ਤਿਆਰੀ ਵਜੋਂ ਸੂਬੇ ਦੇ ਸਾਰੇ ਜ਼ਿਲ੍ਹਿਆਂ ’ਚ ਰੋਸ ਮੁਜ਼ਾਹਰੇ ਜਾਰੀ ਹਨ।
ਕਿਸਾਨ ਆਗੂ ਜਗਮੋਹਨ ਸਿੰਘ ਉੱਪਲ ਨੇ ਦੱਸਿਆ ਕਿ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ), ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ), ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਪੰਜਾਬ ਕਿਸਾਨ ਯੂਨੀਅਨ, ਕਿਸਾਨ ਸੰਘਰਸ਼ ਕਮੇਟੀ (ਕੋਟ ਬੁੱਢਾ), ਆਜ਼ਾਦ ਕਿਸਾਨ ਸੰਘਰਸ਼ ਕਮੇਟੀ, ਜਮਹੂਰੀ ਕਿਸਾਨ ਸਭਾ, ਕੁੱਲ ਹਿੰਦ ਕਿਸਾਨ ਸਭਾ, ਕੁੱਲ ਕਿਸਾਨ ਸਭਾ ਪੰਜਾਬ, ਜੈ ਕਿਸਾਨ ਅੰਦੋਲਨ, ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ), ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਅਤੇ ਕਿਰਤੀ ਕਿਸਾਨ ਯੂਨੀਅਨਾਂ ਦੀ ਅਗਵਾਈ ਹੇਠ ਹਜ਼ਾਰਾਂ ਕਿਸਾਨਾਂ, ਔਰਤਾਂ ਤੇ ਨੌਜਵਾਨਾਂ ਵੱਲੋਂ ਕੇਂਦਰ ਸਰਕਾਰ ਵਿਰੁੱਧ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ।
ਬੀਕੇਯੂ (ਏਕਤਾ ਉਗਰਾਹਾਂ) ਦੇ ਕਾਰਜਕਾਰੀ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਅਤੇ ਜਨਰਲ ਸਕੱਤਰ ਹਰਿੰਦਰ ਕੌਰ ਬਿੰਦੂ ਨੇ ਦੱਸਿਆ ਕਿ ਛੇਵੇਂ ਦਿਨ ਵੀ ਜਥੇਬੰਦੀ ਵੱਲੋਂ 13 ਜ਼ਿਲ੍ਹਿਆਂ ਦੇ 92 ਪਿੰਡਾਂ ਵਿੱਚ ਔਰਤਾਂ ਸਮੇਤ ਕਿਸਾਨਾਂ ਨੇ ਕੇਂਦਰ ਸਰਕਾਰ ਦੇ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ।
ਮੁਜ਼ਾਹਰਿਆਂ ਦੌਰਾਨ ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਆਰਡੀਨੈਂਸ ਅਤੇ ਬਿਜਲੀ ਸੋਧ ਬਿੱਲ-2020 ਰੱਦ ਕਰਨ ਸਮੇਤ ਪੈਟਰੋਲ-ਡੀਜ਼ਲ ਦਾ ਮੁਕੰਮਲ ਕੰਟਰੋਲ ਸਰਕਾਰੀ ਹੱਥਾਂ ’ਚ ਲੈਣ ਦੀ ਮੰਗ ਕੀਤੀ ਗਈ। ਯੂਨੀਅਨਾਂ ਦੇ ਬੁਲਾਰਿਆਂ ਨੇ ਕਿਹਾ ਕਿ ਕੇਂਦਰੀ ਹਕੂਮਤ ਨੇ ਪਹਿਲਾਂ ਤਾਂ ਕਰੋਨਾ ਰੋਕਣ ਦੇ ਬਹਾਨੇ ਬਿਨਾਂ ਕਿਸੇ ਤਿਆਰੀ ਦੇ ਤਾਲਾਬੰਦੀ ਪੁਲੀਸ ਜਬਰ ਰਾਹੀਂ ਮੜ੍ਹੀ ਤੇ ਫਿਰ ਇਸ ਹਊਏ ਦੀ ਆੜ ਹੇਠ ਤਿੰਨ ਖੇਤੀ ਆਰਡੀਨੈਂਸਾਂ ਸਮੇਤ ਕਿਸਾਨ-ਮਜ਼ਦੂਰ ਵਿਰੋਧੀ ਫ਼ੈਸਲਿਆਂ ਨਾਲ ਇਸ ਵਰਗ ਨੂੰ ਤਬਾਹ ਕਰਨ ਕਿਨਾਰੇ ਲਿਆ ਖੜ੍ਹਾ ਕੀਤਾ। ਉਨ੍ਹਾਂ ਕਿਹਾ ਕਿ ਨਵਾਂ ਬਿਜਲੀ ਸੋਧ ਬਿੱਲ ਵੀ ਕਿਸਾਨਾਂ-ਮਜ਼ਦੂਰਾਂ ਦੀ ਮੁਕੰਮਲ ਆਰਥਿਕ ਤਬਾਹੀ ਦਾ ਕਾਰਨ ਬਣੇਗਾ। ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ 27 ਜੁਲਾਈ ਨੂੰ ਭਾਜਪਾ ਤੇ ਅਕਾਲੀ ਦਲ ਦੇ ਕੇਂਦਰੀ ਮੰਤਰੀਆਂ, ਸੰਸਦ ਮੈਂਬਰਾਂ ਜਾਂ ਮੁੱਖ ਪਾਰਟੀ ਆਗੂਆਂ ਦੇ ਘਰਾਂ ਤੱਕ ਟਰੈਕਟਰ ਮਾਰਚ ਕੀਤੇ ਜਾਣਗੇ।
ਅਕਾਲੀ ਦਲ ’ਤੇ ਗੁੰਮਰਾਹ ਕਰਨ ਦਾ ਦੋਸ਼
ਕਿਸਾਨ ਬੁਲਾਰਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੀ ਪਤਨੀ ਕੇਂਦਰੀ ਵਜ਼ੀਰ ਹਰਸਿਰਮਤ ਕੌਰ ਬਾਦਲ ਦੀ ਕੁਰਸੀ ਬਚਾਉਣ ਲਈ ਲਗਾਤਾਰ ਕਿਸਾਨਾਂ ਨੂੰ ਗੁੰਮਰਾਹ ਕਰਨ ਵਾਲੇ ਬਿਆਨ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੇ ਫ਼ੈਸਲਿਆਂ ਦਾ ਸਮਰਥਨ ਕਰਕੇ ਬਾਦਲਾਂ ਨੇ ਪੰਜਾਬ ਤੇ ਕਿਸਾਨ ਵਿਰੋਧੀ ਕਿਰਦਾਰ ਨੂੰ ਨੰਗਾ ਕਰ ਲਿਆ ਹੈ। ਆਗੂਆਂ ਨੇ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਵੀ ਕਰੋਨਾ ਦੀ ਆੜ ’ਚ ਇਕੱਠਾਂ ’ਤੇ ਪਾਬੰਦੀ ਲਾ ਕੇ ਮੋਦੀ ਹਕੂਮਤ ਨੂੰ ਕਿਸਾਨ ਰੋਹ ਤੋਂ ਬਚਾਉਣ ਦੇ ਯਤਨਾਂ ਦੀ ਵੀ ਨਿਖੇਧੀ ਕੀਤੀ।
ਬੁੱਧੀਜੀਵੀਆਂ ਦੀ ਰਿਹਾਈ ਮੰਗੀ
ਕਿਸਾਨ ਜਥੇਬੰਦੀਆਂ ਦੇ ਇਕੱਠਾਂ ਦੌਰਾਨ ਮਤੇ ਪਾਸ ਕਰਕੇ ਵਰਵਰਾ ਰਾਓ ਤੇ ਅਨੰਦ ਤੇਲਤੁੰਬੜੇ ਸਮੇਤ ਅਨੇਕਾਂ ਲੋਕ ਪੱਖੀ ਬੁੱਧੀਜੀਵੀਆਂ ਦੀ ਰਿਹਾਈ ਮੰਗੀ ਗਈ। ਜਥੇਬੰਦੀਆਂ ਨੇ ਬਾਦਲ ਪਿੰਡ ’ਚ ਪਿਛਲੇ ਦਿਨਾਂ ਦੌਰਾਨ ਸ਼ਾਂਤਮਈ ਸੰਘਰਸ਼ ਕਰ ਰਹੇ ਖੇਤ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ ਸਿਰ ਝੂਠੇ ਕੇਸ ਦਰਜ ਕਰਨ ਤੇ ਲਾਠੀਚਾਰਜ ਦੀ ਨਿਖੇਧੀ ਕੀਤੀ।