ਪੱਤਰ ਪ੍ਰੇਰਕ
ਸ੍ਰੀ ਆਨੰਦਪੁਰ ਸਾਹਿਬ, 11 ਸਤੰਬਰ
ਬਿਜਲੀ ਮੁਲਾਜ਼ਮਾਂ ਵੱਲੋਂ ਸਮੂਹਿਕ ਛੁੱਟੀ ਦੇ ਦੂਜੇ ਦਿਨ ਰੋਸ ਰੈਲੀ ਕੀਤੀ ਗਈ ਅਤੇ ਪਾਵਰਕੌਮ ਮਨੇਜਮੈਂਟ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਅੱਜ ਦੇ ਇਸ ਧਰਨੇ ਦੀ ਪ੍ਰਧਾਨਗੀ ਪੀਐੱਸਈਬੀ ਐਂਪਲਾਈਜ਼ ਫੈੱਡਰੇਸ਼ਨ ਇੰਟਕ ਦੇ ਪ੍ਰਧਾਨ ਦੇਸਰਾਜ ਘਈ ਤੇ ਟੈਕਨੀਕਲ ਸਰਵਿਸਿਜ਼ ਯੂਨੀਅਨ ਭੰਗਲ ਦੇ ਪ੍ਰਧਾਨ ਤਰਸੇਮ ਲਾਲ ਅਤੇ ਪੈਨਸ਼ਨਰ ਯੂਨੀਅਨ ਦੇ ਸਕੱਤਰ ਚਰਨਦਾਸ ਵੱਲੋਂ ਸਾਂਝੇ ਤੌਰ ’ਤੇ ਕੀਤੀ ਗਈ। ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਬਿਜਲੀ ਮੁਲਾਜ਼ਮ ਜਥੇਬੰਦੀਆਂ ਦੀਆਂ ਮੰਗਾਂ ਨੂੰ ਲਾਗੂ ਕੀਤਾ ਜਾਵੇ।
ਐਸਏਐਸ ਨਗਰ (ਮੁਹਾਲੀ) (ਪੱਤਰ ਪ੍ਰੇਰਕ): ਪੰਜਾਬ ਰਾਜ ਪਾਵਰਕੌਮ ਕਾਰਪੋਰੇਸ਼ਨ ਦੀਆਂ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਦੀ ਅਪੀਲ ’ਤੇ ਤਿੰਨ ਦਿਨਾਂ ਦੀ ਸਮੂਹਿਕ ਛੁੱਟੀ ਲੈ ਕੇ ਹੜਤਾਲ ’ਤੇ ਡਟੇ ਕਰਮਚਾਰੀਆਂ ਨੇ ਬੁੱਧਵਾਰ ਨੂੰ ਦੂਜੇ ਦਿਨ ਮੁਹਾਲੀ ਸਰਕਲ ਦੇ ਬਾਹਰ ਰੋਸ ਰੈਲੀ ਕੀਤੀ ਤੇ ਪੰਜਾਬ ਸਰਕਾਰ ਤੇ ਪਾਵਰਕੌਮ ਮੈਨੇਜਮੈਂਟ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਐਸੋਸੀਏਸ਼ਨ ਆਫ ਜੂਨੀਅਰ ਇੰਜਨੀਅਰ ਦੇ ਪ੍ਰਧਾਨ ਜਸਪਾਲ ਸਿੰਘ ਭੁੱਲਰ, ਜਨਰਲ ਸਕੱਤਰ ਜਸਪਾਲ ਸਿੰਘ, ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਸਰਕਲ ਪ੍ਰਧਾਨ ਗੁਰਬਖ਼ਸ਼ ਸਿੰਘ ਅਤੇ ਮੁੱਖ ਸਲਾਹਕਾਰ ਲੱਖਾ ਸਿੰਘ ਨੇ ਪਾਵਰਕੌਮ ਮੈਨੇਜਮੈਂਟ ਵੱਲੋਂ ਐਸਮਾ ਲਗਾਉਣ ਦੇ ਜਾਰੀ ਧਮਕੀ ਭਰੇ ਪੱਤਰ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਭਲਕੇ ਵੀਰਵਾਰ ਨੂੰ ਅਗਲੇ ਸੰਘਰਸ਼ ਦੀ ਰੂਪਰੇਖਾ ਉਲੀਕੀ ਜਾਵੇਗੀ ਅਤੇ ਗੁਪਤ ਐਕਸ਼ਨ ਕੀਤੇ ਜਾਣਗੇ।
ਮੋਰਿੰਡਾ (ਪੱਤਰ ਪ੍ਰੇਰਕ): ਮੋਰਿੰਡਾ ਦਫ਼ਤਰ ਵਿੱਚ ਬਿਜਲੀ ਮੁਲਾਜ਼ਮਾਂ ਵੱਲੋਂ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਖ਼ਿਲਾਫ਼ ਵਿੱਢੇ ਸੰਘਰਸ਼ ਤਹਿਤ ਧਰਨਾ ਅਤੇ ਰੋਸ ਮਾਰਚ ਕੀਤਾ ਗਿਆ। ਇਸ ਮੌਕੇ ਸੁਖਵਿੰਦਰ ਸਿੰਘ ਦੁੱਮਣਾ, ਸੂਬਾ ਪ੍ਰਧਾਨ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਮੁਲਾਜ਼ਮਾਂ ਦੇ ਮਸਲਿਆਂ ਦਾ ਹੱਲ ਨਾ ਕੀਤਾ ਤਾਂ ਇਸ ਸੰਘਰਸ਼ ਵਿੱਚ ਹੋਰ ਵੀ ਵਾਧਾ ਕੀਤਾ ਜਾਵੇਗਾ।
ਬਨੂੜ (ਪੱਤਰ ਪ੍ਰੇਰਕ): ਪਾਵਰਕੌਮ ਦੇ ਮੁਲਾਜ਼ਮਾਂ ਦੀ ਹੜਤਾਲ ਕਾਰਨ ਬਿਜਲੀ ਦਫ਼ਤਰਾਂ ਦਾ ਕੰਮ ਮੁਕੰਮਲ ਠੱਪ ਪਿਆ ਹੈ। ਹੜਤਾਲੀ ਮੁਲਾਜ਼ਮਾਂ ਨੇ ਅੱਜ ਦੂਜੇ ਦਿਨ ਵੀ ਬਨੂੜ ਅਤੇ ਖੇੜਾ ਗੱਜੂ ਦੇ ਸਬ-ਡਿਵੀਜ਼ਨਲ ਦਫ਼ਤਰਾਂ ਅੱਗੇ ਧਰਨੇ ਦਿੱਤੇ। ਬਿਜਲੀ ਮੁਲਾਜ਼ਮਾਂ ਦੀ ਹੜਤਾਲ ਕਾਰਨ ਖ਼ਪਤਕਾਰ ਪ੍ਰੇਸ਼ਾਨ ਹੋ ਰਹੇ ਹਨ। ਬਨੂੜ ਦੇ ਸਟੇਡੀਅਮ ’ਚ ਲੱਗੇ ਟਿਊਬਵੈੱਲ ਦੀ ਬਿਜਲੀ ਖ਼ਰਾਬ ਹੋ ਗਈ ਤੇ ਲੋਕ ਪਾਣੀ ਨੂੰ ਤਰਸਦੇ ਰਹੇ। ਠੇਕੇਦਾਰ ਨੇ ਅੱਜ ਆਪਣੇ ਤੌਰ ’ਤੇ ਬਿਜਲੀ ਠੀਕ ਕਰਾਈ।
ਇੰਦਰਪੁਰਾ ਵਾਸੀਆਂ ਨੇ ਕੌਮੀ ਮਾਰਗ ਜਾਮ ਕੀਤਾ
ਘਨੌਲੀ (ਪੱਤਰ ਪ੍ਰੇਰਕ): ਇੱਥੋਂ ਨੇੜਲੇ ਪਿੰਡ ਇੰਦਰਪੁਰਾ ਦੇ ਵਸਨੀਕਾਂ ਨੇ ‘ਆਪ’ ਆਗੂ ਜਗਤਾਰ ਸਿੰਘ ਇੰਦਰਪੁਰਾ ਦੀ ਅਗਵਾਈ ਵਿੱਚ ਬੀਤੀ ਰਾਤ ਕੌਮੀ ਮਾਰਗ 205 ’ਤੇ ਧਰਨਾ ਲਗਾ ਕੇ ਪਾਵਰਕੌਮ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਜਾਣਕਾਰੀ ਅਨੁਸਾਰ ਕੱਲ੍ਹ ਘਨੌਲੀ ਖੇਤਰ ਵਿੱਚ ਮੀਂਹ ਪੈਣ ਕਾਰਨ ਚੰਦਪੁਰ ਬਿਜਲੀ ਘਰ ਤੋਂ ਚੱਲਣ ਵਾਲੇ ਲਗਪਗ ਸਾਰੇ ਫੀਡਰਾਂ ਦੀ ਬਿਜਲੀ ਬੰਦ ਹੋ ਗਈ ਸੀ। ਇਸ ਉਪਰੰਤ ਇੰਦਰਪੁਰਾ ਦੇ ਵਸਨੀਕਾਂ ਨੇ ਕੌਮੀ ਮਾਰਗ ’ਤੇ ਜਾਮ ਲਗਾ ਦਿੱਤਾ। ਚੌਕੀ ਇੰਚਾਰਜ ਹਰਮੇਸ਼ ਕੁਮਾਰ ਨੇ ਪਾਵਰਕੌਮ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਸਵੇਰੇ 11 ਵਜੇ ਤੱਕ ਬਿਜਲੀ ਸਪਲਾਈ ਬਹਾਲ ਕਰਵਾਉਣ ਦਾ ਭਰੋਸਾ ਦਿੱਤਾ ਤੇ ਜਾਮ ਖੁੱਲ੍ਹਵਾਇਆ। ਅੱਜ ਸਵੇਰੇ ਨੌਂ ਵਜੇ ਹੀ ਪਾਵਰਕੌਮ ਅਧਿਕਾਰੀਆਂ ਨੇ ਇੰਦਰਪੁਰਾ ਪਿੰਡ ਦੀ ਬਿਜਲੀ ਸਪਲਾਈ ਠੀਕ ਕਰ ਦਿੱਤੀ।