ਅਸ਼ੋਕ ਸ਼ਰਮਾ
ਅਜਨਾਲਾ, 3 ਜੁਲਾਈ
ਉੱਘੇ ਅਦਾਕਾਰ ਅਤੇ ਚੰਡੀਗੜ੍ਹ ਤੋਂ ਭਾਜਪਾ ਦੀ ਸੰਸਦ ਮੈਂਬਰ ਕਿਰਨ ਖੇਰ ਦੇ ਪਤੀ ਅਨੁਪਮ ਖੇਰ ਵਲੋਂ ਗੁਰੂ ਗੋਬਿੰਦ ਸਿੰਘ ਦੇ ਪਾਵਨ ਸ਼ਬਦਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨ ਖ਼ਿਲਾਫ਼ ਸਿੱਖਾਂ ਵਿਚ ਰੋਸ ਹੈ। ਇਥੋਂ ਦੇ ਸਿੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਸਿੱਖੀ ਪ੍ਰਚਾਰ ਸੁਸਾਇਟੀ ਦੇ ਪ੍ਰਧਾਨ ਕਾਬਲ ਸਿੰਘ ਸ਼ਾਹਪੁਰ ਦੀ ਅਗਵਾਈ ਹੇਠ ਅਜਨਾਲਾ-ਚੌਗਾਵਾਂ ਸੜਕ ਠੱਪ ਕਰਕੇ ਅਨੁਪਮ ਖੇਰ ਦਾ ਪੁਤਲਾ ਫੂਕਿਆ ਗਿਆ। ਸਿੱਖ ਜਥੇਬੰਦੀਆਂ ਨੇ ਪਹਿਲਾਂ ਅਨੁਪਮ ਖੇਰ ਖ਼ਿਲਾਫ਼ ਸ਼ਹਿਰ ਅੰਦਰ ਰੋਸ ਮਾਰਚ ਕੀਤਾ ਅਤੇ ਅਨੁਪਮ ਖੇਰ ਮੁਰਦਾਬਾਦ ਦੇ ਨਾਅਰੇ ਵੀ ਲਾਏ।
ਸ੍ਰੀ ਸ਼ਾਹਪੁਰ ਨੇ ਕਿਹਾ ਕਿ ਅਨੁਪਮ ਖੇਰ ਦੇ ਗੁਰੂ ਗੋਬਿੰਦ ਸਿੰਘ ਦੇ ਪਾਵਨ ਸ਼ਬਦਾਂ ਨਾਲ ਕੀਤੀ ਛੇੜਛਾੜ ਕਾਰਨ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ, ਇਸ ਲਈ ਅਨੁਪਮ ਖੇਰ ਨੂੰ ਸਮੁੱਚੀ ਸਿੱਖ ਸੰਗਤ ਕੋਲੋਂ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਮੰਗ ਕੀਤੀ ਕਿ ਅਕਾਲ ਤਖਤ ਸਾਹਿਬ ਵਲੋਂ ਅਨੁਪਮ ਖੇਰ ਨੂੰ ਤਲਬ ਕੀਤਾ ਜਾਵੇ ਤੇ ਢੁਕਵੀਂ ਸਜ਼ਾ ਦਿੱਤੀ ਜਾਵੇ।
ਪੰਨੂ ਦੇ ਹੱਕ ’ਚ ਸੰਦੇਸ਼ ਪਾਉਣ ’ਤੇ ਪੰਜੋਲੀ ਦੀ ਭਾਲ ’ਚ ਲੱਗੀ ਪੁਲੀਸ
ਫਤਹਿਗੜ੍ਹ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਵਿਦੇਸ਼ ’ਚੋਂ ਗੁਰਪਤਵੰਤ ਸਿੰਘ ਪੰਨੂ ਦੇ ਆ ਰਹੇ ਫੋਨਾਂ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਖਿਲਾਫ਼ ਜ਼ਿਲ੍ਹਾ ਪੁਲੀਸ ਨੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਜਥੇਦਾਰ ਪੰਜੋਲੀ ਨੇ ਕਿਹਾ ਕਿ ਉਨ੍ਹਾਂ ਨੇ ਸ੍ਰੀ ਪੰਨੂ ਦੇ ਸੰਦੇਸ਼ ਨੂੰ ਮੁੱਖ ਰੱਖ ਕੇ ਆਪਣੀ ਫੇਸਬੁੱਕ ਉੱਪਰ ਇੱਕ ਆਮ ਸੰਦੇਸ਼ ਪਾ ਦਿੱਤਾ ਸੀ ਜਿਸ ਤੋਂ ਬਾਅਦ ਪੁਲੀਸ ਉਸ ਮਗਰ ਲੱਗ ਗਈ ਹੈ। ਉਨ੍ਹਾਂ ਕਿਹਾ ਕਿ ਅਤਿਵਾਦ ਦਾ ਮਤਲਬ ਹੁੰਦਾ ਹੈ ਕਿ ਕਿਸੇ ਬੇਗੁਨਾਹ ਦਾ ਕਤਲ ਕਰਨਾ, ਹਿੰਸਾ ਫੈਲਾਉਣਾ ਜਾਂ ਸਾੜ ਫੂਕ ਕਰਨੀ ਪਰ ਉਨ੍ਹਾਂ ਨੂੰ ਲੱਗਦਾ ਹੈ ਕਿ ਲਖਵੀਰ ਸਿੰਘ ਰੋਡੇ ਅਤੇ ਗੁਰਪਤਵੰਤ ਸਿੰਘ ਪੰਨੂ ਨੇ ਅੱਜ ਤੱਕ ਕੋਈ ਵੀ ਅਜਿਹੀ ਕਾਰਵਾਈ ਨਹੀਂ ਕੀਤੀ ਜਿਸ ਕਰਕੇ ਉਨ੍ਹਾਂ ਨੂੰ ਅਤਿਵਾਦੀ ਐਲਾਨਿਆ ਜਾਵੇ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਇਸ ਮੁੱਦੇ ’ਤੇ ਪਹਿਲਾਂ ਵੀ ਆਪਣਾ ਸੰਦੇਸ਼ ਦੇ ਚੁੱਕੇ ਹਨ, ਇਸ ਲਈ ਅਜਿਹੀਆਂ ਕਾਰਵਾਈਆਂ ਕਰਨੀਆਂ ਠੀਕ ਨਹੀਂ। ਉਹ ਸ਼੍ਰੋਮਣੀ ਕਮੇਟੀ ਮੈਂਬਰ ਹਨ। ਇਸ ਲਈ ਜੇਕਰ ਹਲਕੇ ਵਿਚ ਕਿਸੇ ਵੀ ਸਿੱਖ ਪਰਿਵਾਰ ਨੂੰ ਪੁਲੀਸ ਨਾਜਾਇਜ਼ ਤੰਗ ਪ੍ਰੇਸ਼ਾਨ ਕਰੇਗੀ ਤਾਂ ਉਹ ਪਰਿਵਾਰ ਬੇਝਿਜਕ ਹੋ ਕੇ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ। ਉਹ ਜਲਦੀ ਹੀ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਵਿਖੇ ਵਿਸ਼ੇਸ਼ ਕਾਊਂਟਰ ਖੋਲ੍ਹਣ ਦੀ ਕੋਸ਼ਿਸ਼ ਕਰਨਗੇ ਤਾਂ ਜੋ ਪੀੜਤ ਲੋਕਾਂ ਦੀ ਮਦਦ ਕੀਤੀ ਜਾ ਸਕੇ।