ਸਰਬਜੀਤ ਸਿੰਘ ਭੰਗੂ
ਪਟਿਆਲਾ, 3 ਅਗਸਤ
ਸੂਬਾ ਸਰਕਾਰ ਵੱਲੋਂ ਕੁਝ ਦਿਨ ਪਹਿਲਾਂ ਹੀ ਜਲ ਸਰੋਤ ਵਿਭਾਗ ਦੇ ਪੁਨਰਗਠਨ ਤਹਿਤ ਤੀਜਾ ਤੇ ਚੌਥਾ ਦਰਜਾ ਸਣੇ ਟੈਕਨੀਕਲ ਮੁਲਾਜ਼ਮਾਂ ਦੀਆਂ 8500 ਦੇ ਕਰੀਬ ਅਸਾਮੀਆਂ ਖ਼ਤਮ ਕਰਨ ਦੇ ਰੋਸ ਵਜੋਂ ਅੱਜ ਮੁਲਾਜ਼ਮਾਂ ਵੱਲੋਂ ਡੇਢ ਦਰਜਨ ਜ਼ਿਲ੍ਹਿਆਂ ਵਿਚ ਰੋਸ ਮੁਜ਼ਾਹਰੇ ਕੀਤੇ ਗਏ, ਜਿਸ ਦੌਰਾਨ ਮੁਲਾਜ਼ਮਾਂ ਨੇ ਪੱਤਰ ਦੀਆਂ ਕਾਪੀਆਂ ਸਾੜ ਕੇ ਸਰਕਾਰ ਖ਼ਿਲਾਫ਼ ਭੜਾਸ ਕੱਢੀ। ਪਟਿਆਲਾ ਵਿਚ ਅਜਿਹਾ ਰੋਸ ਮੁਜ਼ਾਹਰਾ ‘ਪੁਨਰ ਗਠਨ ਕਮੇਟੀ’ ਦੇ ਸੂਬਾਈ ਮੁਖੀ ਦੇ ਦਫ਼ਤਰ ਦੇ ਬਾਹਰ ਕੀਤਾ ਗਿਆ।
ਇਨ੍ਹਾਂ ਰੋਸ ਮੁਜ਼ਾਹਰਿਆਂ ਦੀ ਅਗਵਾਈ ਮਨਿਸਟਰੀਅਲ ਸਟਾਫ਼ (ਸਿੰਜਾਈ ਵਿਭਾਗ) ਦੇ ਸੂਬਾਈ ਪ੍ਰਧਾਨ ਖੁਸ਼ਿਵੰਦਰ ਕਪਿਲਾ, ਜ਼ਿਲ੍ਹਾ ਪ੍ਰਧਾਨ ਬਚਿੱਤਰ ਸਿੰਘ, ਚੌਥਾ ਦਰਜਾ ਮੁਲਾਜ਼ਮ ਯੂਨੀਅਨ ਦੇ ਸੂਬਾਈ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਤੇ ਸੂਰਜਪਾਲ, ਨਹਿਰੀ ਪਟਵਾਰ ਯੂਨੀਅਨ ਦੇ ਸੂਬਾਈ ਪ੍ਰਧਾਨ ਗੁਰਸ਼ਨਜੀਤ ਸਿੰਘ ਹੁੰਦਲ ਸਣੇ ਡਿਪਲੋਮਾ ਇੰਜਨੀਅਰਿੰਗ ਐਸੋਸੀਏਸ਼ਨ ਦੇ ਪ੍ਰਧਾਨ ਕਮਲਜੀਤ ਸਿੰਘ, ਗੁਰਪ੍ਰੀਤ ਸਿੰਘ ਤੇ ਪਿਉਸ਼ ਬਾਂਸਲ ਨੇ ਕੀਤੀ। ਖੁਸ਼ਿਵੰਦਰ ਕਪਿਲਾ ਨੇ ਦੱਸਿਆ ਕਿ ਡੇਢ ਦਰਜਨ ਜ਼ਿਲ੍ਹਿਆਂ ਵਿਚ ਜਲ ਸਰੋਤ ਵਿਭਾਗ ਦੇ ਦਫ਼ਤਰਾਂ ਅੱਗੇ ਰੋਸ ਮੁਜ਼ਾਹਰੇ ਕਰ ਕੇ ਇਹ ਫ਼ੈਸਲਾ ਵਾਪਸ ਲੈਣ ਦੀ ਮੰਗ ਕੀਤੀ ਹੈ।
ਪਟਿਆਲਾ ਵਿਚਲੇ ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਘਰ-ਘਰ ਰੁਜ਼ਗਾਰ ਦੇਣ ਦੇ ਹੋਕੇ ਨਾਲ਼ ਸੱਤਾ ’ਚ ਆਈ ਕੈਪਟਨ ਸਰਕਾਰ ਉਲਟਾ ਰੁਜ਼ਗਾਰ ਖੋਹ ਰਹੀ ਹੈ ਅਤੇ ਮੁਲਾਜ਼ਮਾਂ ’ਤੇ ਕੰਮ ਦਾ ਵੀ ਵਧੇਰਾ ਬੋਝ ਪਾ ਦਿੱਤਾ ਹੈ। ਗੁਰਸ਼ਨਜੀਤ ਸਿੰਘ ਹੁੰਦਲ ਨੇ ਸਰਕਾਰ ਨੂੰ ਮੁਲਾਜ਼ਮ ਵਿਰੋਧੀ ਨੀਤੀਆਂ ਤਿਆਗਣ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਕਰੋਨਾ ਮਹਾਮਾਰੀ ਦੀ ਆੜ ’ਚ ਮੁਲਾਜ਼ਮ ਵਿਰੋਧੀ ਫ਼ੈਸਲੇ ਲੈਣ ਨਾਲ਼ ਸਰਕਾਰ ਦਾ ਕਿਰਦਾਰ ਜੱਗ ਜ਼ਾਹਰ ਹੋ ਗਿਆ ਹੈ। ਇਸ ਮੌਕੇ ਦਰਸ਼ਨ ਸਿੰਘ ਬੇਲੂਮਾਜਰਾ, ਅਨਿਲ ਕੁਮਾਰ ਸ਼ਰਮਾ, ਅਮਰ ਬਹਾਦਰ, ਪ੍ਰਤੀਮ ਚੰਦ ਠਾਕੁਰ, ਸੁਖਦੀਪ ਸਿੰਘ, ਜਗਮੋਹਨ ਨੋਲੱਖਾ, ਸੁਖਦੀਪ ਗਿੱਲ, ਗੁਰਦਰਸ਼ਨ ਸਿੰਘ, ਕਾਕਾ ਸਿੰਘ, ਕਰਮਜੀਤ ਸਿੰਘ, ਸੰਦੀਪ ਸਿੰਘ, ਸੁਖਦੇਵ ਸਿੰਘ, ਮਨੋਜ ਕੁਮਾਰ, ਰਜਿੰਦਰ ਕੁਮਾਰ, ਨਿਰਮਲ ਸਿੰਘ ਆਦਿ ਹਾਜ਼ਰ ਸਨ।
ਮੋਤੀ ਮਹਿਲ ਅੱਗੇ ਮੁਜ਼ਾਹਰਾ ਭਲਕੇ
ਦਰਸ਼ਨ ਸਿੰਘ ਲੁਬਾਣਾ ਨੇ ਐਲਾਨ ਕੀਤਾ ਕਿ ਪੰਜ ਅਗਸਤ ਨੂੰ ਬਾਰਾਂ ਖੂਹ ਪਟਿਆਲਾ ਵਿੱਚ ਰੈਲੀ ਮਗਰੋਂ ਮੁਲਾਜ਼ਮਾਂ ਦਾ ਕਾਫ਼ਲਾ ਮੁੱਖ ਮੰਤਰੀ ਨਿਵਾਸ ਨੇੜੇ ਪੁੱਜ ਕੇ ਸਰਕਾਰ ਅਤੇ ਵਿਭਾਗ ਦੇ ਅਧਿਕਾਰੀਆਂ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰਾ ਕਰੇਗਾ।