ਖੇਤਰੀ ਪ੍ਰਤੀਨਿਧ
ਪਟਿਆਲਾ, 27 ਜੂਨ
ਪੀਆਰਟੀਸੀ, ਰੋਡਵੇਜ਼ ਅਤੇ ਪਨਬੱਸ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਤਿੰਨ ਰੋਜ਼ਾ ਸੂਬਾਈ ਹੜਤਾਲ਼ ਕਰਨ ਦਾ ਐਲਾਨ ਕੀਤਾ ਗਿਆ ਹੈ। ਭਲਕੇ 28 ਜੂਨ ਤੋਂ ਇਨ੍ਹਾਂ ਤਿੰਨ ਅਦਾਰਿਆਂ ਦੇ ਸਮੂਹ ਕੰਟਰੈਕਟ ਆਧਾਰਿਤ ਮੁਲਾਜ਼ਮ ਹੜਤਾਲ ’ਤੇ ਰਹਿਣਗੇ। ਅੱਜ ਇਨ੍ਹਾਂ ਅਦਾਰਿਆਂ ਦੀ ਮੈਨੇਜਮੈਂਟ ਨੇ ਦਿਨ ਭਰ ਹੜਤਾਲ਼ ਨੂੰ ਟਾਲਣ ਦੇ ਯਤਨ ਕੀਤੇ ਅਤੇ ਬੱਸ ਸੇਵਾ ਬਹਾਲ ਰੱਖਣ ਲਈ ਬਦਲਵੇਂ ਪ੍ਰਬੰਧ ਲੱਭੇ। ਮੁਲਾਜ਼ਮਾਂ ਨੇ ਅੱਜ ਪਟਿਆਲਾ ’ਚ ਮੀਟਿੰਗ ਕਰਕੇ ਸੰਘਰਸ਼ ਦੀ ਰੂਪ ਰੇਖਾ ਉਲੀਕੀ ਤੇ ਆਗੂਆਂ ਦੀਆਂ ਡਿਊਟੀਆਂ ਲਾਈਆਂ। ਜਥੇਬੰਦੀ ਦੇ ਸੂਬਾਈ ਪ੍ਰਧਾਨ ਰੇਸ਼ਮ ਸਿੰਘ ਨੇ ਆਖਿਆ ਕਿ ਡੇਢ ਦਹਾਕੇ ਤੋਂ ਕੱਚੇ ਮੁਲਾਜ਼ਮ ਨਿਗੂਣੀਆਂ ਤਨਖ਼ਾਹਾਂ ’ਤੇ ਕੰਮ ਕਰਦੇ ਆ ਰਹੇ ਹਨ ਪਰ ਸਰਕਾਰ ਉਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਨਹੀਂ ਕਰ ਰਹੀ, ਜਿਸ ਕਾਰਨ ਉਨ੍ਹਾਂ ਨੂੰ ਹੜਤਾਲ ’ਤੇ ਜਾਣਾ ਪਿਆ। ਹੜਤਾਲ਼ੀ ਮੁਲਾਜ਼ਮ 29 ਜੂਨ ਨੂੰ ਮੁੱਖ ਮੰਤਰੀ ਦੀ ਪਟਿਆਲਾ ਸਥਿਤ ਰਿਹਾਇਸ਼ ਦਾ ਘਿਰਾਓ ਵੀ ਕਰਨਗੇ।
ਪੀਆਰਟੀਸੀ ਵੱਲੋਂ ਸਮੂਹ ਬੱਸਾਂ ਚਲਾਉਣ ਦਾ ਦਾਅਵਾ
ਪੀਆਰਟੀਸੀ ਦੇ ਅਧਿਕਾਰੀਆਂ ਨੇ ਹੜਤਾਲ਼ ਵਾਲ਼ੇ ਤਿੰਨੋਂ ਦਿਨ ਅਦਾਰੇ ਦੀਆਂ ਸਮੂਹ 11 ਸੌ ਬੱਸਾਂ ਚਲਾਉਣ ਦਾ ਦਾਅਵਾ ਕੀਤਾ ਹੈ। ਇਸ ਕੰਮ ਲਈ ਛੁੱਟੀ ’ਤੇ ਗਏ ਸਮੂਹ ਰੈਗੂਲਰ ਮੁਲਾਜ਼ਮਾਂ ਨੂੰ ਵਾਪਸ ਬੁਲਾਉਣ ਸਮੇਤ ਦਫਤਰੀ ਅਤੇ ਫੀਲਡ ਮੁਲਾਜ਼ਮਾਂ ਤੋਂ ਵੀ ਸਹਿਯੋਗ ਮੰਗਿਆ ਗਿਆ ਹੈ। ਦਫਤਰੀ ਅਤੇ ਟੈਕਨੀਕਲ ਮੁਲਾਜ਼ਮਾਂ ਨੂੰ ਕੰਡਕਟਰਾਂ ਦੀ ਭੂਮਿਕਾ ਨਿਭਾਉਣ ਤੇ ਡਰਾਈਵਰ ਤੋਂ ਇੰਸਪੈਕਟਰ ਪਦ ਉੱਨਤ ਹੋਣ ਵਾਲ਼ੇ ਮੁਲਾਜ਼ਮਾਂ ਨੂੰ ਬੱਸਾਂ ਚਲਾਉਣ ਲਈ ਆਖਿਆ ਗਿਆ ਹੈ। ਪੀਆਰਟੀਸੀ ਦੇ ਚੇਅਰਮੈਨ ਕੇਕੇ ਸ਼ਰਮਾ ਨੇ ਆਖਿਆ ਕਿ ਪੀਆਰਟੀਸੀ ਲੋਕਾਂ ਦੀ ਸੇਵਾ ’ਚ ਆਪਣੀਆਂ ਸਮੂਹ ਬੱਸਾਂ ਚਾਲੂ ਰੱਖੇਗੀ।