ਕੁਲਦੀਪ ਸਿੰਘ
ਚੰਡੀਗੜ੍ਹ, 26 ਸਤੰਬਰ
ਪੰਜਾਬ ਯੂਨੀਵਰਸਿਟੀ ਸੈਨੇਟ ਦੀ ਰਜਿਸਟਰਡ ਗਰੈਜੂਏਟ ਕਾਂਸਟੀਚੁਐਂਸੀ ਲਈ ਅੱਜ ਪਹਿਲੇ ਪੜਾਅ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ ਅਤੇ ਚੰਡੀਗੜ੍ਹ ਵਿੱਚ ਵੋਟਿੰਗ ਪ੍ਰਕਿਰਿਆ ਅਮਨ-ਅਮਾਨ ਨਾਲ ਸਿਰੇ ਚੜ੍ਹ ਗਈ। ਪੀ.ਯੂ. ਦੇ ਰਜਿਸਟਰਾਰ ਤੇ ਰਿਟਰਨਿੰਗ ਅਫ਼ਸਰ ਵਿਕਰਮ ਨਈਅਰ ਨੇ ਦੱਸਿਆ ਕਿ ਅੱਜ 211 ਪੋਲਿੰਗ ਬੂਥਾਂ ਦੀਆਂ ਕੁੱਲ 2,87,997 ਵੋਟਾਂ ਸਨ, ਜਿਨ੍ਹਾਂ ਵਿੱਚੋਂ ਸਿਰਫ਼ 42,228 ਵੋਟਰਾਂ ਨੇ ਹੀ ਵੋਟ ਪਾਈ ਜੋ ਕਿ ਕੁੱਲ ਵੋਟਾਂ ਦੀ 14.66 ਫੀਸਦ ਹੀ ਵੋਟਿੰਗ ਹੋਈ। ਉਨ੍ਹਾਂ ਦੱਸਿਆ ਕਿ ਅੱਜ ਕੁੱਲ 272 ਪੋਲਿੰਗ ਬੂਥਾਂ ਵਿੱਚੋਂ ਸਿਰਫ਼ 211 ਪੋਲਿੰਗ ਬੂਥਾਂ ਉੱਤੇ ਹੀ ਵੋਟਿੰਗ ਹੋਈ ਅਤੇ ਵੱਖ-ਵੱਖ ਸੂਬਿਆਂ ਵਿੱਚ ਕੁਝ ਕਾਰਨਾਂ ਕਰ ਕੇ ਵੋਟਿੰਗ ਲਈ 61 ਪੋਲਿੰਗ ਬੂਥ ਨਹੀਂ ਬਣ ਸਕੇ। ਪ੍ਰਾਪਤ ਜਾਣਕਾਰੀ ਮੁਤਾਬਕ ਕਈ ਸੂਬਿਆਂ ਵਿੱਚ ਹੋਰਨਾਂ ਪ੍ਰੀਖਿਆਵਾਂ ਕਾਰਨ ਵੀ ਇਨ੍ਹਾਂ ਬੂਥਾਂ ਲਈ ਸੰਸਥਾਵਾਂ ਵੱਲੋਂ ਇਮਾਰਤਾਂ ਮੁਹੱਈਆ ਕਰਵਾਉਣ ਵਿੱਚ ਅਸਮਰਥਤਾ ਪ੍ਰਗਟ ਕੀਤੀ ਗਈ ਹੈ। ਇਨ੍ਹਾਂ ਹਾਲਤਾਂ ਨੂੰ ਧਿਆਨ ਵਿੱਚ ਰੱਖਦਿਆਂ ਅਥਾਰਿਟੀ ਨੇ ਇਨ੍ਹਾਂ ਥਾਵਾਂ ਉੱਤੇ ਚੋਣਾਂ ਨੂੰ ਪੜਾਵਾਂ ਵਿੱਚ ਕਰਵਾਉਣ ਦੇ ਹੁਕਮ ਦਿੱਤੇ ਹਨ ਅਤੇ ਤਾਰੀਖ ਵੱਖਰੇ ਤੌਰ ’ਤੇ ਐਲਾਨੀ ਜਾਵੇਗੀ। ਉਨ੍ਹਾਂ ਦੱਸਿਆ ਕਿ ਵੋਟ ਪੇਟੀਆਂ ਪੰਜਾਬ ਯੂਨੀਵਰਸਿਟੀ ਦੇ ਜ਼ਿਮਨੇਜ਼ੀਅਮ ਹਾਲ ਵਿੱਚ ਰਖਵਾ ਦਿੱਤੀਆਂ ਗਈਆਂ ਹਨ, ਜਿੱਥੇ ਕਿ ਚੰਡੀਗੜ੍ਹ ਪੁਲੀਸ ਅਤੇ ਪੀ.ਯੂ. ਦੀ ਸਕਿਉਰਿਟੀ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
ਆਰਐੱਸਐੱਸ ਦੀ ਹਮਾਇਤ ਪ੍ਰਾਪਤ ਸੈਨੇਟ ਉਮੀਦਵਾਰ ਦਾ ਵਿਰੋਧ
ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ’ਚ ਆਰਐੱਸਐੱਸ ਦੀ ਹਮਾਇਤ ਪ੍ਰਾਪਤ ਇੱਕ ਉਮੀਦਵਾਰ ਦਾ ਚੋਣ ਬੂਥ ਕਿਸਾਨ ਆਗੂਆਂ ਨੇ ਬੰਦ ਕਰਵਾ ਦਿੱਤਾ ਹੈ। ਇਹ ਬੂਥ ਮੁਕਤਸਰ ਦੇ ਜ਼ਿਲ੍ਹਾ ਸਿੱਖਿਆ ਦਫ਼ਤਰ ਨੇੜੇ ਬਣਿਆ ਹੋਇਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਮੁਕਤਸਰ ਦੇ ਪ੍ਰੋ. ਸਾਗਰ ਕੁਮਾਰ ਸੈਨੇਟ ਚੋਣਾਂ ’ਚ ਗਰੈਜੂਏਟ ਹਲਕੇ ਦੇ ਉਮੀਦਵਾਰ ਹਨ। ਉਹ ਮੁਕਤਸਰ ਦੇ ਹੀ ਰਹਿਣ ਵਾਲੇ ਹਨ ਤੇ ਇੱਥੋਂ ਦੇ ਹੀ ਇਕ ਕਾਲਜ ਵਿੱਚ ਅਧਿਆਪਕ ਹਨ ਪਰ ਉਨ੍ਹਾਂ ਦੇ ਬੂਥ ਉਪਰ ਪੁੱਜੇ ਕਿਸਾਨ ਆਗੂ ਬੋਹੜ ਸਿੰਘ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਰਾਸ਼ਟਰੀ ਸਿੱਖਿਆ ਵਿਕਾਸ ਮੰਚ ਵੱਲੋਂ ਹਮਾਇਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜਿਹੜੀ ਭਾਜਪਾ ਤੇ ਆਰਐੱਸਐੱਸ ਕਿਸਾਨਾਂ ਦਾ ਨੁਕਸਾਨ ਕਰ ਰਹੀ ਹੈ, ਉਸ ਦੇ ਉਮੀਦਵਾਰ ਪੰਜਾਬ ਖੜ੍ਹੇ ਨਹੀਂ ਹੋਣ ਦਿੱਤੇ ਜਾਣਗੇ। ਇਸ ਦੌਰਾਨ ਡਾ. ਸਾਗਰ ਨੇ ਦੱਸਿਆ ਕਿ ਆਰਐੱਸਐੱਸ ਕੋਈ ਸਿਆਸੀ ਪਾਰਟੀ ਨਹੀਂ ਤੇ ਨਾ ਹੀ ਉਸ ਦਾ ਭਾਜਪਾ ਨਾਲ ਕੋਈ ਸਬੰਧ ਹੈ।
ਲੰਬੀ ’ਚ ਸਿਰਫ਼ 25 ਫ਼ੀਸਦ ਵੋਟਰਾਂ ਨੇ ਦਿਖਾਇਆ ਉਤਸ਼ਾਹ
ਲੰਬੀ (ਇਕਬਾਲ ਸਿੰਘ ਸ਼ਾਂਤ): ਲੰਬੀ ਹਲਕੇ ਵਿੱਚ ਸੈਨੇਟ ਚੋਣਾਂ ’ਚ ਵੋਟਾਂ ਵਾਲੇ ਡੱਬੇ ਉਮੀਦਵਾਰਾਂ ਦੀ ਲੱਖ ਕੋਸ਼ਿਸ਼ਾਂ ਦੇ ਬਾਵਜੂਦ 27 ਫ਼ੀਸਦ ਪੋਲਿੰਗ ਤੋਂ ਅਗਾਂਹ ਨਹੀਂ ਵਧ ਸਕੇ। ਖੇਤਰ ਵਿੱਚ ਗੁਰੂ ਨਾਨਕ ਕਾਲਜ ਮੰਡੀ ਕਿੱਲਿਆਂਵਾਲੀ ਤੇ ਦਸਮੇਸ਼ ਗਰਲਜ਼ ਕਾਲਜ ਬਾਦਲ ਵਿੱਚ ਸਥਾਪਤ ਤਿੰਨ ਬੂਥਾਂ ’ਤੇ ਕੁੱਲ 2223 ਵੋਟਾਂ ਵਿੱਚੋਂ ਮਹਿਜ਼ 565 ਵੋਟਾਂ ਹੀ ਭੁਗਤ ਸਕੀਆਂ।