ਕੁਲਦੀਪ ਸਿੰਘ
ਚੰਡੀਗੜ੍ਹ, 26 ਅਗਸਤ
ਪੰਜਾਬ ਯੂਨੀਵਰਸਿਟੀ ਵਿੱਚ ਸੈਨੇਟ ਚੋਣਾਂ ਕਰਵਾਉਣ ਅਤੇ ਵਿਦਿਆਰਥੀਆਂ ਲਈ ਅਕਾਦਮਿਕ ਮਾਹੌਲ ਦੀ ਬਹਾਲੀ ਕਰਵਾਉਣ ਦੀ ਮੰਗ ਨੂੰ ਲੈ ਕੇ ਵਾਈਸ ਚਾਂਸਲਰ ਦਫ਼ਤਰ ਅੱਗੇ ਵਿਦਿਆਰਥੀ ਜਥੇਬੰਦੀਆਂ ਤੇ ਰਵਿੰਦਰ ਧਾਲੀਵਾਲ ਵੱਲੋਂ ਸ਼ੁਰੂ ਕੀਤੇ ਗਏ ਸਾਂਝੇ ਧਰਨੇ ਵਿੱਚ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨਾਂ, ਕਲਾਕਾਰਾਂ, ਟਰੇਡ ਯੂਨੀਅਨ ਆਗੂਆਂ, ਪੀਯੂ ਦੇ ਸੈਨੇਟਰਾਂ ਤੇ ਸਾਬਕਾ ਵਿਦਿਆਰਥੀਆਂ ਨੇ ਵੀ ਸ਼ਿਰਕਤ ਕੀਤੀ। ਇਕੱਠੇ ਹੋਏ ਧਰਨਾਕਾਰੀਆਂ ਨੇ ਵਾਈਸ ਚਾਂਸਲਰ ਦਫ਼ਤਰ ਤੋਂ ਲੈ ਕੇ ਪ੍ਰਬੰਧਕੀ ਬਲਾਕ ਤੱਕ ਪੈਦਲ ਰੋਸ ਮਾਰਚ ਕੀਤਾ ਤੇ ਧਰਨਾ ਦਿੱਤਾ। ਧਰਨਾਕਾਰੀਆਂ ਨੇ ਵਾਈਸ ਚਾਂਸਲਰ ਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਸੰਯੁਕਤ ਕਿਸਾਨ ਮੋਰਚੇ ਵੱਲੋਂ ਹਰਿਆਣਾ ਤੋਂ ਕਿਸਾਨ ਆਗੂ ਸੁਰੇਸ਼ ਕੌਤ, ਬਲਦੇਵ ਸਿੰਘ ਸਿਰਸਾ, ਪ੍ਰੋ. ਮਨਜੀਤ ਸਿੰਘ, ਪੰਜਾਬ ਤੇ ਕਾਲਜ ਟੀਚਰਜ਼ ਯੂਨੀਅਨ ਤੋਂ ਘਣਸ਼ਿਆਮ ਦੇਵ, ਟਰੇਡ ਯੂਨੀਅਨ ਆਗੂ ਸੱਜਣ ਸਿੰਘ, ਦੋਆਬਾ ਕਿਸਾਨ ਯੂਨੀਅਨ ਤੋਂ ਮਨਜੀਤ ਰਾਏ, ਕਿਸਾਨ ਆਗੂ ਅਮਰਜੀਤ ਸਿੰਘ ਅੰਬਾਲਾ, ਦੀਪਕ ਚਨਾਰਥਲ, ਵਿੱਕੀ ਬਰਾੜ, ਕਲਾਕਾਰਾਂ ਵਿੱਚੋਂ ਅਮਿਤੋਜ਼ ਮਾਨ, ਪਾਲੀ ਭੁਪਿੰਦਰ, ਜੱਸ ਬਾਜਵਾ, ਹਰਸ਼ ਚੀਮਾ, ਅਨਮੋਲ ਗਗਨ ਮਾਨ, ਦੀਪ ਸਿੱਧੂ, ਵਰਿੰਦਰਜੀਤ ਸਿੰਘ, ਕਰਨੈਲ ਸਿੰਘ ਪੀਰਮੁਹੰਮਦ, ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ ਤੋਂ ਗੁਰਪ੍ਰੀਤ ਸਿੰਘ ਸੋਮਲ, ਨੌਜਵਾਨ ਕਿਸਾਨ ਏਕਤਾ ਚੰਡੀਗੜ੍ਹ, ਮੁਸਲਿਮ ਮਹਾ ਸਭਾ ਪੰਜਾਬ ਸਮੇਤ ਪੀਯੂ ਦੇ ਸੈਨੇਟਰ ਡੀਪੀਐੱਸ ਰੰਧਾਵਾ, ਨੇ ਵੀ ਧਰਨੇ ਵਿੱਚ ਪਹੁੰਚ ਕੇ ਵਿਦਿਆਰਥੀਆਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ। ਉਨ੍ਹਾਂ ਕਿਹਾ ਕਿ ਜੇਕਰ ਰਜਿਸਟਰਡ ਗ੍ਰੈਜੂਏਟ ਕੰਸਟੀਚੁਐਂਸੀ ਦੀ ਚੋਣ ਜਲਦ ਨਾ ਕਰਵਾਈ ਗਈ ਤੇ ਯੂਨੀਵਰਸਿਟੀ ਨੂੰ ਵਿਦਿਆਰਥੀਆਂ ਲਈ ਜਲਦ ਨਾ ਖੋਲ੍ਹਿਆ ਗਿਆ ਤਾਂ ਵੀਸੀ ਦਫ਼ਤਰ ਦੇ ਬਾਹਰ ਚੱਲ ਰਿਹਾ ਧਰਨਾ ਉਨ੍ਹਾਂ ਦੀ ਰਿਹਾਇਸ਼ ਮੂਹਰੇ ਸ਼ੁਰੂ ਕਰ ਦਿੱਤਾ ਜਾਵੇਗਾ।
ਸੈਨੇਟ ਚੋਣਾਂ ਵਿੱਚ ਅੜਿੱਕਾ ਜਮਹੂਰੀਅਤ ਲਈ ਘਾਤਕ: ਡੈਮੋਕ੍ਰੈਟਿਕ ਲਾਅਰ’ਜ਼ ਐਸੋਸੀਏਸ਼ਨ
ਡੈਮੋਕ੍ਰੈਟਿਕ ਲਾਅਰ’ਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਕਨਵੀਨਰ ਐਡਵੋਕੇਟ ਦਲਜੀਤ ਸਿੰਘ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੈਨੇਟ ਚੋਣਾਂ ਦੇ ਅਮਲ ਵਿਚ ਅੜਿੱਕਾ ਡਾਹੁਣ ਦੀ ਸਾਜਿਸ਼ ਨੂੰ ਜਮਹੂਰੀਅਤ ਲਈ ਘਾਤਕ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਾਈਸ ਚਾਂਸਲਰ ਅਕਾਦਮੀਸ਼ੀਅਨ ਦੀ ਭੂਮਿਕਾ ਨਿਭਾਉਣ ਦੀ ਥਾਂ ਆਰਐੱਸਐੱਸ-ਭਾਜਪਾ ਦੇ ਹੁਕਮਾਂ ਅਨੁਸਾਰ ਕੰਮ ਕਰ ਰਿਹਾ ਹੈ। ਵਾਈਸ ਚਾਂਸਲਰ ਵੱਲੋਂ ਚੋਣਾਂ ਮੁਲਤਵੀ ਕਰਕੇ ਯੂਨੀਵਰਸਿਟੀ ਦੇ ਜਮਹੂਰੀ ਢਾਂਚੇ ਨੂੰ ਜਾਣ-ਬੁੱਝ ਕੇ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ, ਜਦਕਿ ਗ੍ਰੈਜੂਏਟ ਕੰਸਟੀਚੁਐਂਸੀ ਸੈਨੇਟ ਦਾ ਇੱਕ ਮਹੱਤਵਪੂਰਨ ਹਿੱਸਾ ਹੈ।
ਸਿਆਸੀ ਪਾਰਟੀਆਂ ਨੂੰ ਮੈਨੀਫੈਸਟੋ ਵਿੱਚ ਮੁੱਦਾ ਬਣਾਉਣ ਦੀ ਨਸੀਹਤ
ਪੀਯੂ ਦੇ ਸਾਬਕਾ ਵਿਦਿਆਰਥੀ ਵਰਿੰਦਰਜੀਤ ਸਿੰਘ ਨੇ ਪੀਯੂ ਵਿੱਚ ਚੱਲ ਰਹੇ ਵਿਦਿਆਰਥੀ ਸੰਘਰਸ਼ ਵਿੱਚ ਆਉਣ ਵਾਲੇ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਨਸੀਹਤ ਦਿੱਤੀ ਕਿ ਉਹ ਜੇਕਰ ਸੱਚਮੁੱਚ ਇਸ ਮੁੱਦੇ ’ਤੇ ਹਮਦਰਦੀ ਰੱਖਦੇ ਹਨ ਤਾਂ ਉਹ ਇਸ ਨੂੰ ਆਪਣੇ ਚੋਣ ਮੈਨੀਫੈਸਟੋ ਦਾ ਹਿੱਸਾ ਬਣਾਉਣ।
ਧਰਨੇ ਵਿੱਚ ਅਚਾਨਕ ਪਹੁੰਚਿਆ ਦੀਪ ਸਿੱਧੂ
ਪੰਜਾਬ ਯੂਨੀਵਰਸਿਟੀ ਵਿੱਚ ਚੱਲ ਰਹੇ ਵਿਦਿਆਰਥੀ ਧਰਨੇ ਵਿੱਚ ਕਲਾਕਾਰ ਦੀਪ ਸਿੱਧੂ ਵੀ ਅਚਾਨਕ ਪਹੁੰਚ ਗਿਆ। ਦੀਪ ਸਿੱਧੂ ਨੇ ਧਰਨਾਕਾਰੀਆਂ ਨੂੰ ਸੰਬੋਧਨ ਕੀਤਾ ਤੇ ਥੋੜ੍ਹੀ ਦੇਰ ਬਾਅਦ ਹੀ ਚਲਾ ਗਿਆ। ਜ਼ਿਕਰਯੋਗ ਹੈ ਕਿ ਵਿਦਿਆਰਥੀ ਜਥੇਬੰਦੀਆਂ ਨਾਲ ਬੈਠ ਕੇ ਫੋਟੋਆਂ ਖਿਚਵਾ ਰਿਹਾ ਦੀਪ ਸਿੱਧੂ ਕਈਆਂ ਲਈ ਚਰਚਾ ਦਾ ਵਿਸ਼ਾ ਬਣਿਆ ਰਿਹਾ।