ਰਵੇਲ ਸਿੰਘ ਭਿੰਡਰ
ਪਟਿਆਲਾ, 21 ਅਪਰੈਲ
ਕੋਵਿਡ ਦੇ ਵਧ ਰਹੇ ਕੇਸਾਂ ਦੇ ਮੱਦੇਨਜ਼ਰ ਪਾਵਰਕੌਮ ਦੇ ਮੁੱਖ ਦਫ਼ਤਰ ਵਿੱਚ ਆਮ ਲੋਕਾਂ ਦਾ ਦਾਖ਼ਲਾ ਬੰਦ ਕਰ ਦਿੱਤਾ ਗਿਆ ਹੈ। ਪਾਵਰਕੌਮ ਮੈਨੇਜਮੈਂਟ ਨੇ ਕੋਵਿਡ-19 ਮਹਾਮਾਰੀ ਦੇ ਬਚਾਅ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਇੱਥੇ ਮਾਲ ਰੋਡ ’ਤੇ ਸਥਿਤ ਪਾਵਰਕੌਮ ਦੇ ਮੁੱਖ ਦਫ਼ਤਰ ਨੂੰ ਮਹਾਮਾਰੀ ਤੋਂ ਬਚਾ ਕੇ ਰੱਖਣ ਲਈ ਅੱਜ ਤੋਂ ਨਵੀਆਂ ਹਦਾਇਤਾਂ ਮੁਤਾਬਕ ਮੁੱਖ ਦਫ਼ਤਰ ਦੀ ਆਮ ਲੋਕਾਂ ਤੋਂ ਪਹੁੰਚ ਦੁਰੇਡੀ ਕਰਦਿਆਂ ਪਬਲਿਕ ਕੰਮ ਆਨਲਾਈਨ ਕਰ ਦਿੱਤੇ ਹਨ। ਨਵੇਂ ਫ਼ੈਸਲੇ ਅਨੁਸਾਰ ਮੁੱਖ ਦਫ਼ਤਰ ਦਾ ਮੁੱਖ ਗੇਟ ਤੇ ਸ਼ੇਰਾਂ ਵਾਲੇ ਪਾਸੇ ਦਾ ਗੇਟ ਸਵੇਰੇ 9.30 ਵਜੇ ਤਕ ਖੁੱਲ੍ਹੇ ਰਹਿਣਗੇ। ਇਸ ਮਗਰੋਂ ਦਾਖ਼ਲੇ ਲਈ ਮੁੱਖ ਦਫ਼ਤਰ ਵਿੱਚ ਤਾਇਨਾਤ ਅਧਿਕਾਰੀਆਂ ਤੇ ਕਰਮਚਾਰੀਆਂ ਕੋਲ ਪਾਵਰਕੌਮ ਤੇ ਟਰਾਂਸਮਿਸ਼ਨ ਅਦਾਰਿਆਂ ਦਾ ਸ਼ਨਾਖ਼ਤੀ ਕਾਰਡ ਹੋਣਾ ਜ਼ਰੂਰੀ ਹੋਵੇਗਾ ਤੇ ਮੂੰਹ ’ਤੇ ਮਾਸਕ ਪਾਉਣਾ ਲਾਜ਼ਮੀ ਹੋਵੇਗਾ। ਇਸ ਤੋਂ ਇਲਾਵਾ ਸੀ.ਐੱਮ.ਡੀ. ਤੇ ਹੋਰ ਡਾਇਰੈਕਟਰਾਂ ਅਤੇ ਅਧਿਕਾਰੀਆਂ ਨੂੰ ਮਿਲਣ ਆਉਣ ਵਾਲੇ ਆਮ ਲੋਕਾਂ ਤੇ ਫੀਲਡ ਦਫ਼ਤਰਾਂ ਤੋਂ ਆਪਣੀ ਬਦਲੀ, ਤਾਇਨਾਤੀ, ਤਰੱਕੀ ਲਈ ਆਉਣ ਵਾਲੇ ਅਧਿਕਾਰੀਆਂ, ਕਰਮਚਾਰੀਆਂ ਦੀ ਮੁੱਖ ਦਫ਼ਤਰ ਵਿੱਚ ਐਂਟਰੀ ’ਤੇ ਮਿਤੀ 30 ਅਪਰੈਲ ਤਕ ਪਾਬੰਦੀ ਰਹੇਗੀ। ਜੇ ਫੀਲਡ ਦਫ਼ਤਰਾਂ ਨੂੰ ਮੁੱਖ ਦਫ਼ਤਰ ਵਿੱਚ ਪੱਤਰ ਤੇ ਡਾਕ ਆਦਿ ਪਹਿਲ ਦੇ ਆਧਾਰ ’ਤੇ ਈਮੇਲ ਰਾਹੀਂ ਭੇਜਣ ਦੀ ਵੀ ਹਦਾਇਤ ਕੀਤੀ ਗਈ ਹੈ।