ਦਿਲਬਾਗ ਸਿੰਘ ਗਿੱਲ
ਅਟਾਰੀ, 31 ਦਸੰਬਰ
ਸਰਹੱਦੀ ਪਿੰਡ ਮੁਹਾਵਾ ਵਿਖੇ ਜਥੇਦਾਰ ਮੋਹਨ ਸਿੰਘ ਮੁਹਾਵਾ ਸੀਨੀਅਰ ਮੀਤ ਪ੍ਰਧਾਨ (ਐਸਜੀਪੀਸੀ), ਉੱਘੇ ਗ਼ਦਰੀ ਬਾਬਾ ਕੇਸਰ ਸਿੰਘ ਮੁਹਾਵਾ, ਅੱਛਰ ਸਿੰਘ, ਗਿਆਨੀ ਦਲੀਪ ਸਿੰਘ ਮੁਹਾਵਾ ਅਤੇ ਬੀਬੀ ਰਾਜਿੰਦਰ ਕੌਰ ਦੀ ਯਾਦ ਨੂੰ ਸਮਰਪਿਤ ਭਾਰਤੀ ਇਨਕਲਾਬੀ ਮਾਰਕਸੀ ਪਾਰਟੀ ਵੱਲੋਂ ਜਨਤਕ ਕਾਨਫ਼ਰੰਸ ਕੀਤੀ ਗਈ। ਅੱਜ ਦੇ ਇਕੱਠ ਦੀ ਪ੍ਰਧਾਨਗੀ ਬਾਬਾ ਅਰਜਨ ਸਿੰਘ, ਮੁਖਤਾਰ ਸਿੰਘ ਮੁਹਾਵਾ ਤੇ ਗੁਰਦੇਵ ਸਿੰਘ ਨੇ ਕੀਤੀ। ਇਸ ਮੌਕੇ ਸੰਯੁਕਤ ਕਿਸਾਨ ਮੋਰਚਾ ਦੀ ਇਸ ਪਿੰਡ ਦੀ ਸ਼ਹੀਦ ਬੀਬੀ ਮਹਿੰਦਰ ਕੌਰ ਤੇ ਸੁਖਦੇਵ ਸਿੰਘ ਨੂੰ ਯਾਦ ਕੀਤਾ ਗਿਆ। ਕਾਨਫ਼ਰੰਸ ਵਿੱਚ ਵੱਖ-ਵੱਖ ਪਿੰਡਾਂ ਤੋਂ ਪੁੱਜੇ ਲੋਕਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਆਰਐਮਪੀਆਈ ਦੇ ਕੌਮੀਂ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਜਥੇਦਾਰ ਮੋਹਨ ਸਿੰਘ ਮੁਹਾਵਾ ਤੇ ਬਾਬਾ ਕੇਸਰ ਸਿੰਘ ਦੀਆਂ ਦੇਸ਼ ਦੀ ਆਜ਼ਾਦੀ ਵੇਲੇ ਘਾਲੀਆਂ ਘਾਲਣਾ ਦੀ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਦੋਵੇਂ ਆਗੂ ਅੰਗਰੇਜ਼ਾਂ ਦੀਆਂ ਵਧੀਕੀਆਂ ਖ਼ਿਲਾਫ਼ ਸਾਈਕਲ ’ਤੇ ਘੁੰਮ-ਫਿਰ ਕੇ ਹਜ਼ਾਰਾਂ ਲੋਕਾਂ ਨੂੰ ਖੜੇ ਕੀਤਾ ਸੀ। ਪਾਸਲਾ ਨੇ ਮੁਲਕ ਦੀਆਂ ਰਾਜਸੀ ਸਥਿਤੀਆਂ ਸਬੰਧੀ ਕਿਹਾ ਕਿ ਬੀਜੇਪੀ ਦੀ ਸਰਕਾਰ ਘੱਟਗਿਣਤੀਆਂ ਨੂੰ ਨਪੀੜ ਕੇ ਹਿੰਦੂ ਰਾਜ ਸਥਾਪਿਤ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਅਨੇਕਾਂ ਪੱਤਰਕਾਰ ਜੇਲ੍ਹਾਂ ਵਿੱਚ ਡੱਕੇ ਹੋਏ ਹਨ, ਮਨੀਪੁਰ ਵਿੱਚ ਇੱਕ ਫਿਰਕੇ ਦੀਆਂ ਔਰਤਾਂ ਦੇ ਸਾਜ਼ਿਸ਼ ਤਹਿਤ ਬਲਾਤਕਾਰ ਹੋ ਰਹੇ ਹਨ ਪਰ ਮੋਦੀ ਚੁੱਪਚਾਪ ਹਨ। ਇਸ ਮੌਕੇ ਕਿਸਾਨ ਮੋਰਚੇ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਪਾਸਲਾ ਨੇ ਕਿਹਾ ਕਿ ਜੇਕਰ ਮੋਦੀ 2024 ਵਿੱਚ ਮੁੜ ਜਿੱਤਦਾ ਹੈ ਤਾਂ ਕਾਰਪੋਰੇਟਾਂ ਦੇ ਹੱਕ ਵਿੱਚ ਦੁਬਾਰਾ ਕਾਨੂੰਨ ਪਾਸ ਹੋਣਗੇ। ਪਾਸਲਾ ਨੇ ਅੱਗੇ ਕਿਹਾ ਕਿ ਇਸ ਵੇਲੇ ਹਵਾਈ ਅੱਡੇ, ਸਮੁੰਦਰੀ ਬੰਦਰਗਾਹਾਂ, ਬੈਂਕਾਂ ਆਦਿ ਧੜਾਧੜ ਵੇਚੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਵੇਲੇ ਇਹੀ ਦੇਸ਼ਭਗਤੀ ਹੈ। ਉਨ੍ਹਾਂ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਮੋਦੀ-ਸ਼ਾਹ ਨੂੰ ਰਾਜਸੱਤਾ ਤੋਂ ਪਾਸੇ ਕੀਤਾ ਜਾਵੇ। ਇਸ ਮੌਕੇ ਕਿਸਾਨਾਂ-ਮਜ਼ਦੂਰਾਂ ਦੀ ਡੂੰਘਾਈ ਨਾਲ ਚਰਚਾ ਕਰਦਿਆਂ ਬਾਰਡਰ ਏਰੀਆ ਸੰਘਰਸ਼ ਕਮੇਟੀ ਦੇ ਸੂਬਾਈ ਜਨਰਲ ਸਕੱਤਰ ਰਤਨ ਸਿੰਘ ਰੰਧਾਵਾ ਨੇ ਕਿਹਾ ਕਿ ਇਸ ਸਮੇਂ ਪਾਕਿਸਤਾਨ ਵੱਲੋਂ ਡਰੋਨ ਆਉਣ ਕਾਰਨ ਕਿਸਾਨਾਂ ਤੇ ਮਜ਼ਦੂਰਾਂ ਦੇ ਸਾਹ ਸੂਤੇ ਹੋਏ ਹਨ। ਰੰਧਾਵਾ ਨੇ ਬੀਐਸਐਫ ’ਚ 50 ਕਿਲੋਮੀਟਰ ਤੱਕ ਤਲਾਸ਼ੀਆਂ ਦੀ ਵਿਰੋਧਤਾ ਕੀਤੀ। ਰੰਧਾਵਾ ਨੇ ਸਾਰਾ ਸਮਾਂ ਕੰਡਿਆਲੀ ਤਾਰ ’ਤੇ ਬਣੇ ਸਰਹੱਦੀ ਗੇਟ ਖੋਲ੍ਹਣ, ਕੰਡਿਆਲੀ ਤਾਰ ਤੋਂ ਪਾਰ ਕਿਸਾਨਾਂ ਦੀਆਂ ਜ਼ਮੀਨਾਂ ਦਾ 10 ਹਜ਼ਾਰ ਰੁਪਏ ਦੀਆਂ ਰਹਿੰਦੀਆਂ ਕਿਸ਼ਤਾਂ ਅਦਾ ਕਰਨ ਆਦਿ ਮਸਲੇ ਉਠਾਏ ਗਏ। ਇਸ ਤੋਂ ਇਲਾਵਾ ਨਿਰਮਲ ਸਿੰਘ ਮੋਦੇ, ਬਲਦੇਵ ਸਿੰਘ ਧਾਰੀਵਾਲ, ਸ਼ਰਨਜੀਤ ਸਿੰਘ ਧਨੋਆ, ਗੁਰਨਾਮ ਸਿੰਘ ਦਾਉਕੇ, ਬੂਟਾ ਸਿੰਘ ਮੋਦੇ, ਮਨਿੰਦਰ ਸਿੰਘ ਨੇਸ਼ਟਾ, ਜਸਰੋੜਾਂਵਾਲਾ, ਮਹਿੰਦਰ ਸਿੰਘ ਰਤਨ, ਮਨਿੰਦਰ ਵਣੀਏਕੇ ਤੇ ਸਰਪੰਚ ਮਨਜੀਤ ਸਿੰਘ ਖਾਸ ਨੇ ਵੀ ਵਿਚਾਰ ਪੇਸ਼ ਕੀਤੇ।