ਬਹਾਦਰਜੀਤ ਸਿੰਘ
ਰੂਪਨਗਰ, 9 ਜੁਲਾਈ
ਰੂਪਨਗਰ ਦੇ ਉਪ ਮੰਡਲ ਮੈਜਿਸਟਰੇਟ (ਐੱਸਡੀਐੱਮ) ਜੀਐੱਸ ਜੌਹਲ ਦੇ ਕਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਅੱਜ ਜ਼ਿਲ੍ਹਾ ਪ੍ਰਸ਼ਾਸਨ ਵਿੱਚ ਹੜਕੰਪ ਮੱਚ ਗਿਆ। ਜਾਣਕਾਰੀ ਅਨੁਸਾਰ ਡੀਸੀ ਸੋਨਾਲੀ ਗਿਰੀ ਨੇ ਵੀ ਖ਼ੁਦ ਨੂੰ ਘਰ ਵਿੱਚ ਕੁਆਰਨਟਾਈਨ ਕਰ ਲਿਆ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਤਹਿਸੀਲਦਾਰ, ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਸਣੇ ਮਿੰਨੀ ਸਕੱਤਰੇਤ ਦਾ ਕੰਮ ਕਰਦੇ ਸਿਵਲ ਪ੍ਰਸਾਸ਼ਨ ਦੇ ਮੁਲਾਜ਼ਮਾਂਂ ਦੇ ਕਰੋਨਾ ਟੈਸਟ ਲਈ ਸੈਂਪਲ ਲਏ ਗਏ। ਸਿਹਤ ਵਿਭਾਗ ਨੇ ਸਕੱਤਰੇਤ ਵਿੱਚ ਮੋਬਾਈਲ ਵੈਨ ਭੇਜ ਕੇ ਵੱਖ-ਵੱਖ ਬਰਾਂਚਾਂ ਦੇ ਸਾਰੇ ਮੁਲਾਜ਼ਮਾਂਂ ਦੇ ਸੈਂਪਲ ਲਏ ਹਨ। ਇਸ ਤੋਂ ਪਹਿਲਾਂ ਐੱਸਡੀਐੱਮ ਦਫ਼ਤਰ ਦੇ ਸਾਰੇ ਮੁਲਾਜ਼ਮਾਂਂ ਦੇ ਸੈਂਪਲ ਸਿਵਲ ਹਸਪਤਾਲ ਭੇਜੇ ਗਏ। ਡਿਪਟੀ ਕਮਿਸ਼ਨਰ ਨੇ ਐੱਸਡੀਐੱਮ ਦਫ਼ਤਰ ਅਤੇ ਤਹਿਸੀਲਦਾਰ ਦਫ਼ਤਰ ਵਿੱਚ ਤਿੰਨ ਦਿਨ ਲਈ ਪਬਲਿਕ ਡੀਲਿੰਗ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਡਿਪਟੀ ਕਮਿਸ਼ਨਰ ਦੁਆਰਾ ਜਾਰੀ ਆਦੇਸ਼ ਵਿੱਚ ਐੱਸਡੀਐੱੇਮ ਨੂੰ ਪਾਜ਼ੇਟਿਵ ਦੱਸਦੇ ਹੋਏ ਲਿਖਿਆ ਗਿਆ ਹੈ ਕਿ ਐੱਸਡੀਐੱਮ ਦਫਤਰ ਅਤੇ ਤਹਿਸੀਲਦਾਰ ਦਫਤਰ ਦੇ ਮੁਲਾਜ਼ਮਾਂਂ ਦੇ ਕਰੋਨਾ ਟੈਸਟ ਕਰਵਾਏ ਜਾ ਰਹੇ ਹਨ ਅਤੇ ਇਸ ਦਫਤਰਾਂ ਨੂੰ ਸੈਨੇਟਾਈਜ਼ ਕੀਤਾ ਜਾਣਾ ਹੈ। ਉਨ੍ਹਾਂ ਨੇ ਤਿੰਨ ਦਿਨਾਂ ਲਈ ਐੱਸਡੀਐੱਮ ਦਫਤਰ ਨੂੰ ਪਬਲਿਕ ਡੀਲਿੰਗ ਲਈ ਬੰਦ ਕਰ ਦਿੱਤਾ ਹੈ ਜਦੋਂ ਕਿ ਤਹਿਸੀਲਦਾਰ ਦਫ਼ਤਰ ਨੂੰ ਅਗਲੇ ਆਦੇਸ਼ਾਂ ਤੱਕ ਬੰਦ ਕਰ ਦਿੱਤਾ ਹੈ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਪ੍ਰਸ਼ਾਸਨ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ ਤਾਂ ਕਿ ਕਰੋਨਾ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।