ਸੰਤੋਖ ਗਿੱਲ
ਗੁਰੂਸਰ ਸੁਧਾਰ, 22 ਅਗਸਤ
ਕੌਮਾਂਤਰੀ ਹਵਾਈ ਅੱਡਾ ਹਲਵਾਰਾ ਦੀ ਉਸਾਰੀ ਦਾ ਕੰਮ ਭਾਰਤੀ ਹਵਾਈ ਅੱਡਾ ਅਥਾਰਿਟੀ ਨੂੰ ਸੌਂਪੇ ਜਾਣ ਮਗਰੋਂ ਅੱਜ ਪਿੰਡ ਐਤੀਆਣਾ ਵਿੱਚ ਸਥਾਨਕ ਪਿੰਡ ਵਾਸੀਆਂ ਦੇ ਖਦਸ਼ੇ ਦੂਰ ਕਰਨ ਲਈ ਜਨਤਕ ਸੁਣਵਾਈ ਕਰਵਾਈ ਗਈ। ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਏਡੀਸੀ (ਜਨਰਲ) ਦਲਜੀਤ ਕੌਰ ਨੇ ਹਵਾਈ ਅੱਡਾ ਅਥਾਰਿਟੀ ਦੇ ਅਧਿਕਾਰੀਆਂ ਅਤੇ ਪਿੰਡ ਵਾਸੀਆਂ ਵੱਲੋਂ ਪੇਸ਼ ਕੀਤੇ ਖਦਸ਼ੇ, ਦਲੀਲਾਂ ਤੇ ਵਿਭਾਗੀ ਅਧਿਕਾਰੀਆਂ ਵੱਲੋਂ ਦਿੱਤੇ ਜਵਾਬ ਧਿਆਨ ਨਾਲ ਸੁਣੇ, ਜਿਸ ਦੀ ਮੁਕੰਮਲ ਰਿਕਾਰਡਿੰਗ ਵਾਤਾਵਰਨ ਅਤੇ ਜੰਗਲਾਤ ਮੰਤਰਾਲੇ ਨੂੰ ਅੰਤਿਮ ਪ੍ਰਵਾਨਗੀ ਲਈ ਭੇਜੀ ਜਾਵੇਗੀ। ਇਸ ਦੌਰਾਨ ਹਵਾਈ ਅੱਡਾ ਅਥਾਰਿਟੀ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਵਿੱਚ ਹਰ ਪੱਖੋਂ ਕੌਮਾਂਤਰੀ ਮਿਆਰਾਂ ਦਾ ਧਿਆਨ ਰੱਖੇ ਜਾਣ ਦਾ ਦਾਅਵਾ ਕੀਤਾ ਗਿਆ ਹੈ।
ਇਸ ਮੌਕੇ ਪਿੰਡ ਐਤੀਆਣਾ ਦੀ ਪੰਚਾਇਤ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਤੇ ਹਵਾਈ ਅੱਡਾ ਅਥਾਰਿਟੀ ਨੂੰ ਮੰਗ-ਪੱਤਰ ਦਿੱਤਾ ਗਿਆ, ਜਿਸ ਵਿੱਚ ਜ਼ਮੀਨ ਮਾਲਕਾਂ ਨੂੰ ਪੂਰਾ ਮੁਆਵਜ਼ਾ ਦਿੱਤੇ ਜਾਣ ਤੇ ਹਵਾਈ ਅੱਡੇ ਦੇ ਨਾਂ ਵਿੱਚ ਐਤੀਆਣਾ ਪਿੰਡ ਦਾ ਨਾਂ ਸ਼ਾਮਲ ਕਰਨ ਸਮੇਤ ਹੋਰ ਮੰਗਾਂ ਸ਼ਾਮਲ ਹਨ। ਵੱਡੀ ਗਿਣਤੀ ਇਲਾਕਾ ਵਾਸੀਆਂ ਨੇ ਇਸ ਪ੍ਰਾਜੈਕਟ ਦਾ ਸਵਾਗਤ ਕੀਤਾ ਹੈ। ਇਸ ਦੌਰਾਨ ਸਰਪੰਚ ਲਖਵੀਰ ਸਿੰਘ ਨੇ ਕਿਹਾ ਕਿ ਲੜਾਕੂ ਜਹਾਜ਼ਾਂ ਦੇ ਭਾਰੀ ਸ਼ੋਰ ਕਾਰਨ ਪਿੰਡ ਦੀ ਆਬਾਦੀ ਦਾ ਵੱਡਾ ਹਿੱਸਾ ਪਹਿਲਾਂ ਹੀ ਬੋਲੇਪਣ ਦਾ ਸ਼ਿਕਾਰ ਹੋ ਚੁੱਕਾ ਹੈ। ਭਾਰਤੀ ਹਵਾਈ ਅੱਡਾ ਅਥਾਰਿਟੀ ਦੇ ਤਕਨੀਕੀ ਮੁਖੀ ਅਮਰਜੀਤ ਸਿੰਘ ਨੇ ਇਲਾਕਾ ਵਾਸੀਆਂ ਵੱਲੋਂ ਪ੍ਰਗਟ ਕੀਤੇ ਖਦਸ਼ਿਆਂ ਦਾ ਜਵਾਬ ਦਿੰਦਿਆਂ ਕਿਹਾ ਕਿ ਲੜਾਕੂ ਜਹਾਜ਼ਾਂ ਦੇ ਮੁਕਾਬਲੇ ਯਾਤਰੀ ਜਾਂ ਮਾਲ-ਵਾਹਕ ਜਹਾਜ਼ਾਂ ਕਾਰਨ ਬਹੁਤ ਘੱਟ ਆਵਾਜ਼ ਪ੍ਰਦੂਸ਼ਣ ਹੁੰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਾਣੀ ਦੇ ਕਿਸੇ ਸਰੋਤ ਜਾਂ ਨਿਕਾਸੀ ਦੇ ਪ੍ਰਬੰਧਾਂ ਨਾਲ ਕਿਸੇ ਕਿਸਮ ਦੀ ਛੇੜਛਾੜ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਟਰਮੀਨਲ ਦੀ ਉਸਾਰੀ ਵੇਲੇ ਅਤੇ ਹਵਾਈ ਅੱਡਾ ਸ਼ੁਰੂ ਹੋਣ ਮਗਰੋਂ ਸਵੱਛ ਤੇ ਤਾਜ਼ੇ ਪਾਣੀ ਦੀ ਬਰਬਾਦੀ ਨਹੀਂ ਹੋਣ ਦਿੱਤੀ ਜਾਵੇਗੀ ਤੇ ਵਰਤੇ ਗਏ ਪਾਣੀ ਨੂੰ ਵੀ ਸੋਧ ਕੇ ਮੁੜ ਵਰਤੋਂ ਦੇ ਇੰਤਜ਼ਾਮ ਕੀਤੇ ਜਾਣਗੇ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਤੇਲ ਜਾਂ ਗਰੀਸ ਮਿਲਿਆ ਪਾਣੀ ਵੀ ਸੋਧ ਕੇ ਵਰਤੋਂ ਵਿੱਚ ਲਿਆਂਦਾ ਜਾਵੇਗਾ ਤੇ ਕਿਸੇ ਵੀ ਸੂਰਤ ਵਿੱਚ ਦੂਸ਼ਿਤ ਪਾਣੀ ਧਰਤੀ ਹੇਠਲੇ ਪਾਣੀ ਜਾਂ ਪਾਣੀ ਦੇ ਕਿਸੇ ਨੇੜਲੇ ਸਰੋਤ ਵਿੱਚ ਨਹੀਂ ਪਾਇਆ ਜਾਵੇਗਾ। ਇਸ ਮੌਕੇ ਹਵਾਈ ਅੱਡਾ ਅਥਾਰਿਟੀ ਦੇ ਪ੍ਰਬੰਧਕ ਵਿਕਰਮਜੀਤ ਸਿੰਘ, ਇਲੈਕਟਰੀਕਲ ਪ੍ਰਬੰਧਕ ਰਾਕੇਸ਼ ਕੁਮਾਰ, ਪੰਜਾਬ ਸਨਅਤ ਵਿਭਾਗ ਦੇ ਅਧਿਕਾਰੀ ਹਰਮਿੰਦਰਪਾਲ ਸਿੰਘ ਸਣੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਐਕਸੀਅਨ ਸਮਿਤਾ, ਉੱਪ ਮੰਡਲ ਅਫ਼ਸਰ ਸਤਵੰਤ ਸਿੰਘ, ਜੂਨੀਅਰ ਇੰਜਨੀਅਰ ਵਰੁਣ ਕੁਮਾਰ ਤੇ ਸੁਪਰਡੈਂਟ ਮਨਜੀਤ ਸਿੰਘ ਵੀ ਮੌਜੂਦ ਸਨ।
ਅਧੂਰੇ ਪਏ ਕੰਮਾਂ ਦਾ ਵੇਰਵਾ ਮੁੱਖ ਦਫ਼ਤਰ ਨੂੰ ਭੇਜਿਆ: ਖੇਤਰੀ ਡਾਇਰੈਕਟਰ
ਭਾਰਤੀ ਹਵਾਈ ਅੱਡਾ ਅਥਾਰਿਟੀ ਦੇ ਖੇਤਰੀ ਡਾਇਰੈਕਟਰ ਸ਼ੁਭੇਂਦੂ ਕ੍ਰਿਸ਼ਨ ਸ਼ਰਨ ਨੇ ਅੱਜ ਇੱਥੇ ਦੱਸਿਆ ਕਿ ਅਧੂਰੇ ਪਏ ਕੰਮ ਦਾ ਅਨੁਮਾਨਿਤ ਵੇਰਵਾ ਵਿਭਾਗ ਦੇ ਦਿੱਲੀ ਸਥਿਤ ਮੁੱਖ ਦਫ਼ਤਰ ਨੂੰ ਭੇਜਿਆ ਗਿਆ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਪਹਿਲਾਂ ਤੋਂ ਕੰਮ ਕਰ ਰਹੀਆਂ ਕੰਪਨੀਆਂ ਤੋਂ ਹੀ ਰਹਿੰਦਾ ਕੰਮ ਕਰਵਾਇਆ ਜਾਵੇਗਾ ਜਾਂ ਨਵੇਂ ਸਿਰੇ ਤੋਂ ਬਕਾਇਆ ਕੰਮ ਦੇ ਟੈਂਡਰ ਕੀਤੇ ਜਾਣਗੇ, ਇਹ ਫ਼ੈਸਲਾ ਮੁੱਖ ਦਫ਼ਤਰ ਵੱਲੋਂ ਹੀ ਲਿਆ ਜਾਵੇਗਾ। ਖੇਤਰੀ ਡਾਇਰੈਕਟਰ ਅਨੁਸਾਰ ਕੰਪਨੀਆਂ ਵੱਲੋਂ ਪਹਿਲਾਂ ਖ਼ਰਚ ਕੀਤੀ ਗਈ ਰਕਮ ਦਾ ਭੁਗਤਾਨ ਤਾਂ ਪੰਜਾਬ ਲੋਕ ਨਿਰਮਾਣ ਵਿਭਾਗ ਵੱਲੋਂ ਹੀ ਕੀਤਾ ਜਾਣਾ ਬਣਦਾ ਹੈ।