ਨਿੱਜੀ ਪੱਤਰ ਪ੍ਰੇਰਕ
ਝੁਨੀਰ, 11 ਅਕਤੂਬਰ
ਪਿੰਡ ਨੰਗਲ ਕਲਾਂ ਦੇ ਪੰਚਾਇਤ ਮੈਂਬਰ ਜਗਦੀਪ ਸਿੰਘ ਮੰਗਾ (28) ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਦੇ ਪਿਤਾ ਤੇਜਾ ਸਿੰਘ ਤੇ ਪਿੰਡ ਵਾਸੀਆਂ ਗੁਰਪ੍ਰੀਤ ਸਿੰਘ, ਸੁਖਵੀਰ ਸਿੰਘ ਤੇ ਪ੍ਰਿਤਪਾਲ ਸਿੰਘ ਨੇ ਦੋਸ਼ ਲਾਇਆ ਹੈ ਕਿ ਪਿੰਡ ਦੇ ਦੋ ਨੌਜਵਾਨ ਨਸ਼ੇ ਵੇਚ ਰਹੇ ਹਨ, ਜਿਸ ਕਾਰਨ ਪਿੰਡ ਦੇ ਕਈ ਨੌਜਵਾਨ ਨਸ਼ਿਆਂ ਦੇ ਜਾਲ ਵਿੱਚ ਫਸੇ ਹੋਏ ਹਨ। ਪਿੰਡ ਵਾਸੀਆਂ ਵੱਲੋਂ ਪੁਲੀਸ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਛੇਤੀ ਤੋਂ ਛੇਤੀ ਪਿੰਡ ਵਿੱਚ ਨਸ਼ਿਆਂ ਦੇ ਇਸ ਕਾਰੋਬਾਰ ਨੂੰ ਠੱਲ੍ਹਿਆ ਜਾਵੇ। ਪੰਚਾਇਤ ਮੈਂਬਰ ਦੀ ਮੌਤ ਬਾਰੇ ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਮਾਨਸਾ ਦੇ ਡੀਐੱਸਪੀ ਸੰਜੀਵ ਗੋਇਲ ਨੇ ਕਿਹਾ ਕਿ ਪਿੰਡ ਨੰਗਲ ਕਲਾਂ ਦੇ ਪੰਚਾਇਤ ਮੈਂਬਰ ਦੀ ਨਸ਼ੇ ਕਾਰਨ ਮੌਤ ਹੋਣ ਦੀ ਖ਼ਬਰ ਮਿਲੀ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।