ਕੁਲਦੀਪ ਸਿੰਘ
ਚੰਡੀਗੜ੍ਹ, 23 ਮਈ
ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਵਿੱਚ ਸਾਲ-2015 ਤੋਂ ਪੱਕੇ ਭਰਤੀ ਹੋਏ ਮੁਲਾਜ਼ਮਾਂ ਦੀ ਤਨਖ਼ਾਹ ਫਿਕਸ ਕਰਕੇ ਮੈਨੇਜਮੈਂਟ ਨਿੱਜੀਕਰਨ ਦੇ ਰਾਹ ਵੱਲ ਵੱਧ ਰਹੀ ਹੈ। ਵਿਭਾਗ ਵੱਲੋਂ ਅੰਦਰਖਾਤੇ ਵਿੱਢੀ ਪੇਅ-ਫਿਕਸ ਦੀ ਕਵਾਇਦ ਤੋਂ ਮੁਲਾਜ਼ਮਾਂ ’ਚ ਬੇਚੈਨੀ ਪਾਈ ਜਾ ਰਹੀ ਹੈ। ਸੂਤਰਾਂ ਦਾ ਮੰਨਣਾ ਹੈ ਕਿ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਜੇ ਮੁਲਾਜ਼ਮਾਂ ਦੀ ਤਨਖਾਹ ਫਿਕਸ ਕਰਨ ਵਿੱਚ ਕਾਮਯਾਬ ਹੋ ਜਾਂਦੇ ਹਨ ਤਾਂ ਨਾ ਹੀ ਇਨ੍ਹਾਂ ਮੁਲਾਜ਼ਮਾਂ ਦੀਆਂ ਤਰੱਕੀਆਂ ਹੋਣਗੀਆਂ ਅਤੇ ਨਾ ਹੀ 6ਵੇਂ ਤਨਖ਼ਾਹ ਕਮਿਸ਼ਨ ਦਾ ਲਾਭ ਮਿਲੇਗਾ। ਭਰਤੀ ਸਮੇਂ 2 ਸਾਲ ਦਾ ਪ੍ਰੋਬੇਸ਼ਨ ਪੀਰੀਅਡ ਬੇਸਿਕ ਤਨਖ਼ਾਹ ’ਤੇ ਕੱਟਣ ਵਾਲੇ ਮੁਲਾਜ਼ਮਾਂ ਦੇ ਸਿਰ ’ਤੇ ਹੁਣ ਤਨਖ਼ਾਹ ਫਿਕਸ ਹੋਣ ਦੀ ਤਲਵਾਰ ਲਟਕ ਚੁੱਕੀ ਹੈ, ਜਿਸ ਕਾਰਨ ਇਨ੍ਹਾਂ ਮੁਲਾਜ਼ਮਾਂ ਵਿੱਚ ਸਰਕਾਰ ਖਿਲਾਫ਼ ਰੋਸ ਹੈ। ਕੁਝ ਮੁਲਾਜ਼ਮਾਂ ਨੇ ਆਪਣੇ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਪੰਜਾਬ ਐਗਰੋ ਦੇ ਮੌਜੂਦਾ ਮੈਨੇਜਿੰਗ ਡਾਇਰੈਕਟਰ ਪਿਛਲੇ ਤਿੰਨ ਸਾਲਾਂ ਤੋਂ ਇਸੇ ਪੋਸਟ ’ਤੇ ਹਨ ਅਤੇ ਉਹ 2015 ਵਿਚ ਭਰਤੀ ਹੋਏ ਪੱਕੇ ਮੁਲਾਜ਼ਮਾਂ ਨੂੰ ਛੇਵੇਂ ਤਨਖ਼ਾਹ ਕਮਿਸ਼ਨ ਦਾ ਲਾਭ ਦੇਣ ਤੋਂ ਟਾਲਾ ਵੱਟ ਰਹੇ ਹਨ। ਮੁਲਾਜ਼ਮਾਂ ਨੇ ਕਿਹਾ ਕਿ ਉਨ੍ਹਾਂ ਦੀ ਭਰਤੀ ਪੰਜਾਬ ਸਰਕਾਰ ਦੇ ਨਿਯਮਾਂ ਮੁਤਾਬਕ ਹੋਈ ਹੈ ਅਤੇ ਦੋ ਸਾਲ ਪ੍ਰੋਬੇਸ਼ਨ ਪੀਰੀਅਡ ਬੇਸਿਕ ਪੇਅ ’ਤੇ ਕੱਟਣ ਉਪਰੰਤ ਪੰਜਾਬ ਸਰਕਾਰ ਦੇ ਬਾਕੀ ਮੁਲਾਜ਼ਮਾਂ ਵਾਂਗ ਸਾਰੇ ਲਾਭ ਲੈਣ ਦਾ ਉਨ੍ਹਾਂ ਦਾ ਹੱਕ ਹੈ, ਜਿਸ ਤੋਂ ਉਨ੍ਹਾਂ ਨੂੰ ਵਾਂਝਾ ਰੱਖਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਵੇਅਰਹਾਊਸ ਕਾਰਪੋਰੇਸ਼ਨ ਵਿਚ ਮੁਲਾਜ਼ਮਾਂ ਨੂੰ 6ਵੇਂ ਤਨਖ਼ਾਹ ਕਮਿਸ਼ਨ ਦਾ ਲਾਭ ਦਿੱਤਾ ਜਾ ਚੁੱਕਿਆ ਹੈ ਅਤੇ ਪਨਸਪ ਮੈਨੇਜਮੈਂਟ ਵੱਲੋਂ ਵੀ ਮੁਲਾਜ਼ਮਾਂ ਨੂੰ 6ਵਾਂ ਤਨਖ਼ਾਹ ਕਮਿਸ਼ਨ ਦੇਣ ਦੀ ਤਿਆਰੀ ਹੈ। ਮੁਲਾਜ਼ਮਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੈਨੇਜਮੈਂਟ ਨੂੰ ਇਸ ਮੁਲਾਜ਼ਮ ਮਾਰੂ ਫੈਸਲਾ ਲੈਣ ਤੋਂ ਰੋਕਣ ਦੇ ਨਾਲ ਨਾਲ ਉਨ੍ਹਾਂ ਨੂੰ ਬਾਕੀ ਮੁਲਾਜ਼ਮਾਂ ਵਾਂਗ ਬਣਦਾ ਹੱਕ ਦਿੱਤਾ ਜਾਵੇ।
ਕੱਚੇ ਕਾਮੇ ਕੱਢ ਕੇ ਮੋਟੀਆਂ ਤਨਖਾਹਾਂ ’ਤੇ ਚਹੇਤੇ ਕੀਤੇ ਭਰਤੀ
ਕਾਰਪੋਰੇਸ਼ਨ ਦੇ ਅੰਦਰਲੇ ਸੂਤਰਾਂ ਨੇ ਦੱਸਿਆ ਕਿ ਪਿਛਲੇ ਡੇਢ ਸਾਲ ਦੇ ਅਰਸੇ ਦੌਰਾਨ ਵਿਭਾਗ ਨੇ ਪਿਛਲੇ ਲੰਮੇ ਸਮੇਂ ਤੋਂ ਨਿਗੂਣੀਆਂ ਤਨਖ਼ਾਹਾਂ ’ਤੇ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਹਟਾ ਕੇ ਬੇਰੁਜ਼ਗਾਰ ਕਰ ਦਿੱਤਾ ਹੈ, ਪਰ ਮੋਟੀਆਂ ਤਨਖ਼ਾਹਾਂ ’ਤੇ ਆਪਣੇ ਚਹੇਤਿਆਂ ਨੂੰ ਵਿਭਾਗ ਅੰਦਰ ਕੱਚੇ ਤੌਰ ’ਤੇ ਭਰਤੀ ਕਰ ਲਿਆ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਕਈ ਕੱਚੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਤਾਂ ਪੱਕਿਆਂ ਨਾਲੋਂ ਵੀ ਕਿਤੇ ਵੱਧ ਹਨ।