ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ, 19 ਫਰਵਰੀ
ਪੰਜਾਬ ਵਿਧਾਨ ਸਭਾ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ। ਮੁੱਖ ਚੋਣ ਅਧਿਕਾਰੀ (ਸੀਈਓ) ਪੰਜਾਬ ਨੇ ਸੂਬੇ ਵਿੱਚ ਆਜ਼ਾਦ, ਨਿਰਪੱਖ ਅਤੇ ਸ਼ਾਂਤੀਪੂਰਨ ਚੋਣਾਂ ਨੂੰ ਯਕੀਨੀ ਬਣਾਉਣ ਲਈ ਸਾਰੇ ਪ੍ਰਬੰਧ ਮੁਕੰਮਲ ਕਰਨ ਦਾ ਦਾਅਵਾ ਕੀਤਾ ਹੈ। ਪੋਲਿੰਗ ਆਪਣੇ ਟਿਕਾਣਿਆਂ ਵੱਲੋਂ ਰਵਾਨਾ ਚੁੱਕਿਆ ਹੈ। ਮੁੱਖ ਚੋਣ ਅਫ਼ਸਰ ਡਾ. ਐੱਸ. ਕਰੁਣਾ ਰਾਜੂ ਨੇ ਦੱਸਿਆ ਕਿ ਰਾਜ ਦੀ ਸਮੁੱਚੀ ਮਸ਼ੀਨਰੀ ਸ਼ਾਂਤਮਈ, ਆਜ਼ਾਦ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ 24 ਘੰਟੇ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ 11298081 ਪੁਰਸ਼, 10200996 ਇਸਤਰੀ ਅਤੇ 727 ਟਰਾਂਸਜੈਂਡਰ ਸਮੇਤ 21499804 ਵੋਟਰ ਆਪਣੀ ਵੋਟ ਪਾਉਣਗੇ। 117 ਹਲਕਿਆਂ ਵਿੱਚ 1304 ਉਮੀਦਵਾਰ ਹਨ, ਜਿਨ੍ਹਾਂ ਵਿੱਚ 1209 ਪੁਰਸ਼, 93 ਔਰਤਾਂ ਅਤੇ ਦੋ ਟਰਾਂਸਜੈਂਡਰ ਚੋਣ ਮੈਦਾਨ ਵਿੱਚ ਹਨ। ਉਨ੍ਹਾਂ ਦੱਸਿਆ ਕਿ ਕੁੱਲ 1304 ਉਮੀਦਵਾਰਾਂ ਵਿੱਚੋਂ 231 ਕੌਮੀ ਪਾਰਟੀਆਂ, 250 ਸੂਬਾਈ ਪਾਰਟੀਆਂ, 362 ਗੈਰ ਮਾਨਤਾ ਪ੍ਰਾਪਤ ਪਾਰਟੀਆਂ ਅਤੇ 461 ਆਜ਼ਾਦ ਉਮੀਦਵਾਰ ਹਨ। ਉਨ੍ਹਾਂ ਕਿਹਾ ਕਿ ਚੋਣ ਲੜ ਰਹੇ 315 ਉਮੀਦਵਾਰ ਅਪਰਾਧਿਕ ਪਿਛੋਕੜ ਵਾਲੇ ਹਨ।