ਚੰਡੀਗੜ੍ਹ, 20 ਫਰਵਰੀ
ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿੱਚ ਵੋਟਾਂ ਅਮਨ ਅਮਾਨ ਨਾਲ ਨੇਪਰੇ ਚੜ੍ਹੀਆਂ। ਚੋਣ ਕਮਿਸ਼ਨ ਅਨੁਸਾਰ ਪੰਜਾਬ ਵਿੱਚ 65.32 ਫੀਸਦੀ ਪੋਲਿੰਗ ਹੋਈ। ਸੂਬੇ ਦੇ ਪੰਜ ਜ਼ਿਲ੍ਹੇ ਅਜਿਹੇ ਰਹੇ ਜਿਥੇ ਵੋਟਰਾਂ ਨੇ ਦਿਲਚਸਪੀ ਨਹੀਂ ਦਿਖਾਈ। ਇਥੇ 65 ਫੀਸਦੀ ਤੋਂ ਘੱਟ ਵੋਟਾਂ ਪਈਆਂ ਜਦਕਿ 12 ਜ਼ਿਲ੍ਹਿਆਂ ਵਿਚ 70 ਫੀਸਦੀ ਤੋਂ ਉਤੇ ਵੋਟਾਂ ਪਈਆਂ। ਸਭ ਤੋਂ ਜ਼ਿਆਦਾ ਵੋਟਾਂ ਮਾਨਸਾ ਵਿਚ 78.7 ਫੀਸਦੀ ਤੇ ਸਭ ਤੋਂ ਘੱਟ ਅੰਮ੍ਰਿਤਸਰ ਵਿਚ 61.2 ਫੀਸਦ ਪਈਆਂ।
ਵੋਟਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤਕ ਸ਼ਾਂਤਮਈ ਢੰਗ ਨਾਲ ਪਈਆਂ। ਇੱਕਾ-ਦੁੱਕਾ ਹਿੰਸਕ ਘਟਨਾਵਾਂ ਦੇ ਬਾਵਜੂਦ ਹਾਲਾਤ ਸ਼ਾਂਤਮਈ ਰਹੇ। ਸੂਬੇ ਵਿੱਚ ਕੁੱਲ 2,14,99,804 ਵੋਟਰ ਹਨ, ਜਿਨ੍ਹਾਂ ‘ਚ 1,12,98,081 ਪੁਰਸ਼, 1,02,00,996 ਔਰਤਾਂ ਅਤੇ 727 ਟਰਾਂਸਜੈਂਡਰ ਹਨ। 117 ਹਲਕਿਆਂ ਵਿੱਚ 1304 ਉਮੀਦਵਾਰ ਚੋਣ ਲੜ ਰਹੇ ਹਨ, ਜਿਨ੍ਹਾਂ ‘ਚ 1209 ਪੁਰਸ਼, 93 ਔਰਤਾਂ ਅਤੇ ਦੋ ਟਰਾਂਸਜੈਂਡਰ ਸ਼ਾਮਲ ਹਨ। ਚੋਣ ਕਮਿਸ਼ਨ ਵੱਲੋਂ ਚੋਣਾਂ ਕਰਾਉਣ ਲਈ 1 ਲੱਖ 60 ਹਜ਼ਾਰ ਤੋਂ ਵੱਧ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਭਦੌੜ ਵਿਧਾਨ ਸਭਾ ਸੀਟ ’ਤੇ 71.3 ਫੀਸਦੀ, ਕੈਪਟਨ ਅਮਰਿੰਦਰ ਸਿੰਘ ਦੀ ਪਟਿਆਲਾ ਸੀਟ ਲਈ 59.5 ਫੀਸਦੀ, ਭਗਵੰਤ ਮਾਨ ਦੀ ਧੂਰੀ ਸੀਟ ’ਤੇ 68 ਫੀਸਦੀ, ਪ੍ਰਕਾਸ਼ ਸਿੰਘ ਬਾਦਲ ਦੀ ਲੰਬੀ ਸੀਟ ’ਤੇ 72.4 ਫੀਸਦੀ, ਸੁਖਬੀਰ ਬਾਦਲ ਦੀ ਜਲਾਲਾਬਾਦ ਸੀਟ ’ਤੇ 71.5 ਫੀਸਦੀ, ਨਵਜੋਤ ਸਿੰਘ ਸਿੱਧੂ ਦੀ ਅੰਮ੍ਰਿਤਸਰ ਪੂਰਬੀ ਸੀਟ ’ਤੇ 53 ਫੀਸਦੀ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਚਮਕੌਰ ਸਾਹਿਬ ਸੀਟ ’ਤੇ 68 ਫੀਸਦੀ ਵੋਟਾਂ ਪਈਆਂ।