ਪੱਤਰ ਪ੍ਰੇਰਕ
ਸ੍ਰੀ ਆਨੰਦਪੁਰ ਸਾਹਿਬ, 25 ਸਤੰਬਰ
ਈਸਾਈ ਆਗੂਆਂ ਵੱਲੋਂ 27 ਸਤੰਬਰ ਨੂੰ ਪੰਜਾਬ ਬੰਦ ਦਾ ਦਿੱਤਾ ਸੱਦਾ ਆਧਾਰਹੀਣ ਹੈ, ਇਸ ਲਈ ਪੰਜਾਬ ਬੰਦ ਨਹੀਂ ਹੋਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਾਰਿਸ ਪੰਜਾਬ ਜਥੇਬੰਦੀ ਦੇ ਮੁੱਖ ਸੇਵਾਦਾਰ ਗਿਆਨੀ ਅੰਮ੍ਰਿਤਪਾਲ ਸਿੰਘ ਨੇ ਕੀਤਾ। ਵੱਡੀ ਗਿਣਤੀ ਨੌਜਵਾਨਾਂ ਅਤੇ ਬੀਬੀਆਂ ਨਾਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅੰਮ੍ਰਿਤ ਛਕਣ ਲਈ ਸ੍ਰੀ ਆਨੰਦਪੁਰ ਸਾਹਿਬ ਪਹੁੰਚੇ ਗਿਆਨੀ ਅੰਮ੍ਰਿਤਪਾਲ ਸਿੰਘ ਨੇ ਤਖ਼ਤ ਸਾਹਿਬ ਦੇ ਮੀਟਿੰਗ ਹਾਲ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਈਸਾਈ ਧਰਮ ਨਾਲ ਸਬੰਧਤ ਪੂਰੇ ਸੰਸਾਰ ਅੰਦਰ ਬਹੁਤ ਜ਼ਿਆਦਾ ਦੇਸ਼ ਹਨ ਪਰ ਸਿੱਖਾਂ ਲਈ ਪੰਜਾਬ ਹੀ ਇਕ ਅਜਿਹਾ ਸੂਬਾ ਹੈ, ਜਿਸ ਨੂੰ ਉਹ ਸਹੀ ਮਾਅਨਿਆਂ ਵਿੱਚ ਆਪਣਾ ਕਹਿ ਸਕਦੇ ਹਨ, ਇਸ ਲਈ ਇੱਥੇ ਕਿਸੇ ਦੀ ਵੀ ਮਨਮਾਨੀ ਨਹੀਂ ਚੱਲਣ ਦਿੱਤੀ ਜਾਵੇਗੀ। ਉਨ੍ਹਾਂ ਦੋਸ਼ ਲਗਾਇਆ ਕਿ ਸਮੇਂ ਦੀਆਂ ਹਕੂਮਤਾਂ ਨਸ਼ਿਆਂ ਰਾਹੀਂ ਪੰਜਾਬੀਆਂ ਨੂੰ ਖ਼ਤਮ ਕਰਨ ਦੇ ਰਾਹ ’ਤੇ ਤੁਲੀਆਂ ਹੋਈਆਂ ਹਨ। ਇਸ ਮੌਕੇ ਉਨ੍ਹਾਂ ਨਾਲ ਭਾਈ ਗੁਰਮੀਤ ਸਿੰਘ ਖਾਲਸਾ, ਭਾਈ ਤਰਨਦੀਪ ਸਿੰਘ ਖਾਲਸਾ, ਜਗਜੀਤ ਸਿੰਘ ਪੰਧੇਰ, ਦਲਜੀਤ ਸਿੰਘ ਕਲਸੀ ਆਦਿ ਹਾਜ਼ਰ ਸਨ।