ਅਰਚਿਤ ਵਾਟਸ
ਗਿੱਦੜਬਾਹਾ (ਮੁਕਤਸਰ), 20 ਨਵੰਬਰ
Punjab bypolls:ਕਾਂਗਰਸੀ ਉਮੀਦਵਾਰ ਅੰਮ੍ਰਿਤਾ ਵੜਿੰਗ ਅਤੇ ‘ਆਪ’ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਅੱਜ ਇੱਥੋਂ ਦੇ ਪਿੰਡ ਛੱਤੇਆਣਾ ਦੇ ਗੁਰਦੁਆਰਾ ਗੁਪਤਸਰ ਸਾਹਿਬ ਵਿਖੇ ਨਤਮਸਤਕ ਹੋਏ। ਦੋਹਾਂ ਦੇ ਇੱਕੋ ਸਮੇਂ ਗੁਰਦੁਆਰਾ ਸਾਹਿਬ ਪੁੱਜਣ ਕਾਰਨ ਜ਼ਿਮਨੀ ਚੋਣ ਵਿਚ ਵਿਰੋਧੀ ਉਮੀਦਵਾਰ ਇੱਕ ਦੂਜੇ ਨੂੰ ਟੱਕਰ ਗਏ। ਹਾਲਾਂਕਿ ਦੋਹਾਂ ਨੇ ਇਸ ਦੌਰਾਨ ਇਕ ਦੂਜੇ ਨੂੰ ਵਧਾਈਆਂ ਦਿੱਤੀਆਂ।
‘ਆਪ’ ਦੇ ਹਰਦੀਪ ਡਿੰਪੀ ਨੇ ਸਭ ਤੋਂ ਪਹਿਲਾਂ ਅੰਮ੍ਰਿਤਾ ਨੂੰ ਸ਼ੁਭਕਾਮਨਾਵਾਂ ਦਿੱਤੀਆਂ, ਜਿਸ ਦੇ ਜਵਾਬ ਵਿਚ ਕਾਂਗਰਸੀ ਆਗੂ ਨੇ ਵੀ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ ਇਸ ਇਤਿਹਾਸਕ ਗੁਰਦੁਆਰੇ ’ਚ ਸਭ ਤੋਂ ਪਹਿਲਾਂ ਅੰਮ੍ਰਿਤਾ ਵੜਿੰਗ ਮੱਥਾ ਟੇਕਣ ਪੁੱਜੇ ਸਨ ਅਤੇ ਕੁੱਝ ਸਮੇਂ ਬਾਅਦ ਡਿੰਪੀ ਵੀ ਉੱਥੇ ਮੱਥਾ ਟੇਕਣ ਲਈ ਪੁੱਜ ਗਏ।
ਇਸ ਮੌਕੇ ਖਾਸ ਗੱਲ ਇਹ ਰਹੀ ਕਿ ਇਸ ਦੌਰਾਨ ਡਿੰਪੀ ਨੇ ਗੁਰਦੁਆਰਾ ਸਾਹਿਬ ਦੇ ਪਾਵਨ ਅਸਥਾਨ ਵਿਚ ਦਾਖਲ ਹੋਣ ਲਈ ਕੁਝ ਮਿੰਟਾਂ ਲਈ ਵੀ ਇੰਤਜ਼ਾਰ ਕੀਤਾ ਕਿਉਂਕਿ ਅੰਮ੍ਰਿਤਾ ਉਥੇ ਮੌਜੂਦ ਸੀ।
ਇਸ ਦੌਰਾਨ ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਹਲਕੇ ਦਾ ਦੌਰਾ ਕਰ ਰਹੇ ਸਨ। ਉਹ ਆਪਣੇ ਪਾਰਟੀ ਵਰਕਰਾਂ ਦਾ ਮਨੋਬਲ ਵਧਾਉਣ ਲਈ ਪੋਲਿੰਗ ਸਟੇਸ਼ਨਾਂ ਨੇੜੇ ਭਾਜਪਾ ਵੱਲੋਂ ਬਣਾਏ ਗਏ ਬੂਥਾਂ ’ਤੇ ਜਾ ਰਹੇ ਸਨ।