ਚੰਡੀਗੜ੍ਹ, 1 ਦਸੰਬਰ
ਪੰਜਾਬ ਕੈਬਿਨਟ ਨੇ ਉੱਚ ਸਿੱਖਿਆ ਲਈ ਮੁੱਖ ਮੰਤਰੀ ਵਜ਼ੀਫਾ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਯੋਜਨਾ ਨਾਲ ਆਰਥਿਕ ਤੌਰ ’ਤੇ ਕਮਜ਼ੋਰ ਹੋਣਹਾਰ ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ ਮਿਲੇਗੀ, ਜਿਨ੍ਹਾਂ ਵਿੱਚ ਜਨਰਲ ਕੈਟੇਗਰੀ ਦੇ ਵਿਦਿਆਰਥੀ ਵੀ ਸ਼ਾਮਲ ਹਨ। ਸਰਕਾਰ ਵੱਲੋਂ ਜਾਰੀ ਬਿਆਨ ਅਨੁਸਾਰ ਇਸ ਵਜ਼ੀਫਾ ਯੋਜਨਾ ਨਾਲ ਉੱਚ ਸਿੱਖਿਆ ਦੇ ਖੇਤਰ ਵਿੱਚ ਵਿਦਿਆਰਥੀਆਂ ਦੀ ਦਾਖਲਾ ਗਿਣਤੀ ਵਿੱਚ ਵਾਧਾ ਹੋਵੇਗਾ। ਸਰਕਾਰ ’ਤੇ ਇਸ ਯੋਜਨਾ ਨਾਲ ਸਾਲਾਨਾ 36.05 ਕਰੋੜ ਦਾ ਵਾਧੂ ਭਾਰ ਪਵੇਗਾ। ਇਹ ਯੋਜਨਾ ਸਿਰਫ ਸਰਕਾਰੀ ਕਾਲਜਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ’ਤੇ ਲਾਗੂ ਹੋਵੇਗੀ। ਜਿਨ੍ਹਾਂ ਵਿਦਿਆਰਥੀਆਂ ਦੇ 60 ਫੀਸਦ ਤੋਂ ਜ਼ਿਆਦਾ ਤੇ 70 ਫੀਸਦ ਤੋਂ ਘੱਟ ਅੰਕ ਹਨ, ਉਨ੍ਹਾਂ ਨੂੰ ਯੂਨੀਵਰਸਿਟੀ ਫੀਸ ਦੇ 70 ਫੀਸਦ ਹਿੱਸੇ ਬਰਾਬਰ ਵਿੱਤੀ ਰਿਆਇਤ ਦਿੱਤੀ ਜਾਵੇਗੀ। ਇਸੇ ਤਰ੍ਹਾਂ ਜਿਨ੍ਹਾਂ ਵਿਦਿਆਰਥੀਆਂ ਦੇ 90 ਫੀਸਦ ਤੋਂ ਵੱਧ ਅੰਕ ਹਨ, ਉਨ੍ਹਾਂ ਨੂੰ ਸਿੱਖਿਆ ਦੀ ਮੁਫਤ ਸਹੂਲਤ ਦਿੱਤੀ ਜਾਵੇਗੀ। -ਪੀਟੀਆਈ